-ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਬਸਪਾ ਪ੍ਰਧਾਨ ਤੇ ਦੌਲਤ ਗਾਰਡਨ ਪੈਲੇਸ ਦੇ ਮਾਲਕ ਨੂੰ ਨੋਟਿਸ ਜਾਰੀ
-ਸਹਾਇਕ ਰਿਟਰਨਿੰਗ ਅਫ਼ਸਰ ਹੁਸ਼ਿਆਰਪੁਰ ਨੇ ਪੈਲੇਸ 'ਚ ਬਿਨਾਂ ਮਨਜ਼ੂਰੀ ਇਕੱਠ ਕਰਨ ਤੇ ਲਾਊਡ ਸਪੀਕਰ ਦੀ ਵਰਤੋਂ ਕਰਨ 'ਤੇ ਜਾਰੀ ਕੀਤਾ ਨੋਟਿਸ
-24 ਘੰਟੇ ਅੰਦਰ ਸਪੱਸ਼ਟੀਕਰਨ ਦੇਣ ਦੀ ਕੀਤੀ ਹਦਾਇਤ
ਹੁਸ਼ਿਆਰਪੁਰ, 5 ਅਪ੍ਰੈਲ: ਐਸ.ਡੀ.ਐਮ ਹੁਸ਼ਿਆਰਪੁਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ 043-ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਨੇ ਅੱਜ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਦੌਲਤ ਗਾਰਡਨ ਪੈਲੇਸ ਦੇ ਮਾਲਕ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਸਬੰਧੀ 24 ਘੰਟੇ ਅੰਦਰ ਆਪਣਾ ਸਪੱਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਹਨ।
ਸਹਾਇਕ ਰਿਟਰਨਿੰਗ ਅਫ਼ਸਰ 043-ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਵਿਧਾਨ ਸਭਾ ਹਲਕਾ-043 ਹੁਸ਼ਿਆਰਪੁਰ ਦੀ ਹੱਦ ਅੰਦਰ ਆਉਂਦੇ ਦੌਲਤ ਗਾਰਡਨ ਪੈਲੇਸ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਦੀ ਮੌਜੂਦਗੀ ਵਿਚ ਪਾਰਟੀ ਵਲੋਂ ਬਿਨਾਂ ਮਨਜ਼ੂਰੀ ਲੋਕ ਸਭਾ ਸੈਗਮੈਂਟ-05 ਹੁਸ਼ਿਆਰਪੁਰ ਵਿਚ ਮੀਟਿੰਗ ਅਤੇ ਇਕੱਠ ਕਰਦੇ ਹੋਏ ਲੋਕ ਸਭਾ-2024 ਦੇ ਉਮੀਦਵਾਰ ਦੇ ਨਾਮ ਦੀ ਘੋਸ਼ਣਾ ਕੀਤੀ ਗਈ ਅਤੇ ਬਿਨਾਂ ਮਨਜ਼ੂਰੀ ਲਏ ਲਾਊਡ ਸਪੀਕਰ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਸ ਲਈ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਦੇ ਪ੍ਰਧਾਨ ਨੂੰ ਇਸ ਸਬੰਧੀ ਨੋਟਿਸ ਜਾਰੀ ਕਰਕੇ 24 ਘੰਟੇ ਅੰਦਰ ਆਪਣਾ ਸਪੱਸ਼ਟੀਕਰਨ ਭੇਜਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੌਲਤ ਗਾਰਡਨ ਪੈਲੇਸ ਦੇ ਮਾਲਕ ਨੂੰ ਵੀ ਬਿਨਾਂ ਵਿਧਾਨ ਸਭਾ ਹਲਕਾ ਦੇ ਸਹਾਇਕ ਰਿਟਰਨਿੰਗ ਅਫ਼ਸਰ ਦੀ ਮਨਜ਼ੂਰੀ ਦੇ ਪੈਲੇਸ ਵਿਚ ਰਾਜਨੀਤਿਕ ਇਕੱਠ ਕਰਕੇ ਲਾਊਡ ਸਪੀਕਰ ਲਗਾਉਣ ਸਬੰਧੀ ਨੋਟਿਸ ਜਾਰੀ ਕਰਦੇ ਹੋਏ 24 ਘੰਟੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਸਪੱਸ਼ਟੀਕਰਨ ਨਾ ਦੇਣ ਦੀ ਸੂਰਤ ਵਿਚ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਪ੍ਰੀਤਇੰਦਰ ਸਿੰਘ ਬੈਂਸ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ 16 ਮਾਰਚ ਨੂੰ ਚੋਣਾਂ ਦੀਆਂ ਮਿਤੀਆਂ ਦੀ ਘੋਸ਼ਣਾ ਨਾਲ ਹੀ ਦੇਸ਼ ਭਰ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤੇ ਦੇ ਲਾਗੂ ਹੋਣ ਨਾਲ ਕਿਸੇ ਵੀ ਮੈਰਿਜ ਪੈਲੇਸ ਮਾਲਕ ਵਲੋਂ ਰਾਜਨੀਤਿਕ ਪਾਰਟੀ ਜਾਂ ਪ੍ਰਤੀਨਿੱਧੀ ਨੂੰ ਸਬੰਧਤ ਰਿਟਰਨਿੰਗ ਅਫ਼ਸਰ ਦੀ ਮਨਜ਼ੂਰੀ ਦੇ ਬਿਨਾਂ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਜਾਂ ਇਕੱਠ ਆਦਿ ਕਰਨ ਦੀ ਮਨਾਹੀ ਹੈ।