ਰਾਜਨੀਤਿਕ ਆਗੂਆਂ ਵੱਲੋਂ ਨਿਜ ਪ੍ਰਸਤੀ ਨੂੰ ਮੁੱਖ ਰੱਖਦਿਆਂ ਹੋਇਆਂ ਰਾਤੋ ਰਾਤ ਪਾਰਟੀਆਂ ਬਦਲ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ : ਪ੍ਰੋਫੈਸਰ ਬਡੂੰਗਰ
ਪਟਿਆਲਾ, 24 ਅਪ੍ਰੈਲ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਦਲ ਬਦਲੀਆਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਜਿਸ ਪਾਰਟੀ ਨੇ ਵਿਅਕਤੀ ਨੂੰ ਵਿਧਾਇਕੀ ਪਦ, ਵਜੀਰੀਆਂ ਦਿਵਾ ਕੇ, ਲੋਕ ਸਭਾ ਮੈਂਬਰ ਬਣਾ ਕੇ ਮਾਣ ਸਨਮਾਨ ਦਿੱਤਾ ਹੋਵੇ ਤੇ ਅਜਿਹੇ ਵਿਅਕਤੀਆਂ ਵੱਲੋਂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਮੂਲੀਅਤ ਕਰਨਾ ਜਾਂ ਦੂਸਰੀਆਂ ਪਾਰਟੀਆਂ ਵੱਲੋਂ ਹੋਰਨਾਂ ਪਾਰਟੀ ਦੇ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਵਾਉਣਾ ਵੀ ਲੋਕਤੰਤਰ ਦੇ ਘਾਣ ਤੋਂ ਘੱਟ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਇੱਕ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਰਾਤੋ ਰਾਤ ਰਾਜਨੀਤਿਕ ਆਗੂਆਂ ਵੱਲੋਂ ਪਾਰਟੀਆਂ ਬਦਲ ਲਈਆਂ ਜਾਂਦੀਆਂ ਹਨ ਉਹ ਅਜਿਹਾ ਕਰਕੇ ਜਨਤਾ ਨੂੰ ਕੀ ਸੰਦੇਸ਼ ਦੇਸ਼ ਦੇਣਾ ਚਾਹੁੰਦੇ ਹਨ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਵੱਖੋ ਵੱਖ ਰਾਜਨੈਤਿਕ ਪਾਰਟੀਆਂ ਵਲੋਂ ਵੀ ਸਾਰੇ ਕਾਇਦੇ ਕਾਨੂੰਨ, ਛਿੱਕੇ ਟੰਗ ਕੇ ਆਪੋ ਆਪਣੀਆਂ ਪਾਰਟੀਆਂ ਵਿੱਚ ਰਾਤੋ ਰਾਤ ਜੁਆਇਨ ਕਰਵਾ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ, ਤੇ ਅਜਿਹਾ ਹੋਣ ਨਾਲ ਜਿੱਥੇ ਮਿਹਨਤੀ ਯੋਗ ਅਤੇ ਪਾਰਟੀ ਲਈ ਸਿਰ ਤੋੜ ਯਤਨ ਵਾਲੇ ਟਕਸਾਲੀ ਰਾਜਨੀਤਿਕ ਆਗੂਆਂ ਨੂੰ ਨਿਰਾਸ਼ਾ ਹੁੰਦੀ ਹੈ ਉੱਥੇ ਹੀ ਉਨਾਂ ਦਾ ਮੋਨੋਬਲ ਵੀ ਘਟਦਾ ਹੈ । ਉਹਨਾਂ ਕਿਹਾ ਕਿ ਰਾਜਨੀਤਿਕ ਪਾਰਟੀ ਦੇ ਮੁਖੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਇਹਨਾਂ ਚੋਣ ਮੈਦਾਨਾਂ ਵਿੱਚ ਉਮੀਦਵਾਰ ਵਜੋਂ ਉਤਾਰ ਕੇ ਚੋਣਾ ਲੜਨ ਦਾ ਮੌਕਾ ਦੇਣ ਤੇ ਪਰਿਵਾਰ ਪ੍ਰਸਤੀ ਅਤੇ ਨਿਜ ਪ੍ਰਸਤੀ ਤੇ ਮੌਕਾ ਪ੍ਰਸਤ ਰਾਜਨੀਤਿਕ ਆਗੂਆਂ ਨੂੰ ਪਾਰਟੀ ਵਿੱਚੋਂ ਲਾਂਭੇ ਕਰਕੇ ਅਜਿਹੇ ਆਗੂਆਂ ਵੱਲੋਂ ਲੋਕਤੰਤਰ ਦਾ ਖਿਲਵਾੜ ਕਰਨ ਨੱਥ ਪਾਈ ਜਾਵੇ ।
ਫ਼ੋਟੋ-ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ।