ਪਟਿਆਲਾ ਜ਼ਿਲ੍ਹੇ 'ਚ ਅਸਲਾ ਜਮ੍ਹਾਂ ਕਰਵਾਉਣ ਦੀ ਤਰੀਕ 22 ਅਪ੍ਰੈਲ ਸ਼ਾਮ 5 ਵਜੇ ਤੱਕ ਵਧਾਈ
-ਸਕਿਉਰਟੀ ਗਾਰਡ ਦੀ ਨੌਕਰੀ ਕਰਨ ਵਾਲਿਆਂ ਨੂੰ ਅਸਲਾ ਜਮ੍ਹਾਂ ਕਰਵਾਉਣ ਤੋਂ ਛੋਟ
-ਲਾਇਸੈਂਸੀ ਅਸਲਾ ਧਾਰਕ ਆਪਣਾ ਅਸਲਾ ਲਾਜ਼ਮੀ ਜਮ੍ਹਾਂ ਕਰਵਾਉਣ : ਵਧੀਕ ਜ਼ਿਲ੍ਹਾ ਮੈਜਿਸਟਰੇਟ
ਪਟਿਆਲਾ, 12 ਅਪ੍ਰੈਲ: ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਦੇ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਜਮ੍ਹਾਂ ਕਰਵਾਉਣ ਲਈ ਤਰੀਕ 22 ਅਪ੍ਰੈਲ 2024 ਸ਼ਾਮ 5 ਵਜੇ ਤੱਕ ਵਧਾਈ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਲਾਇਸੈਂਸੀ ਧਾਰਕ ਆਪਣਾ ਅਸਲਾ ਲੋਕਲ ਥਾਣੇ ਜਾਂ ਸਬੰਧਤ ਅਸਲਾ ਡੀਲਰਾਂ ਪਾਸ ਤੁਰੰਤ ਜਮ੍ਹਾਂ ਕਰਵਾਉਣ।
ਏ.ਡੀ.ਸੀ. ਨੇ ਇਨ੍ਹਾਂ ਹੁਕਮਾਂ ਵਿੱਚ ਕਿਸੇ ਵੀ ਇੰਸਟੀਚਿਊਟ ਜਾਂ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਸਕਿਉਰਟੀ ਗਾਰਡ ਦੀ ਨੌਕਰੀ ਕਰਦੇ ਵਿਅਕਤੀਆਂ ਨੂੰ ਆਪਣੇ ਅਸਲੇ ਨੂੰ ਜਮ੍ਹਾਂ ਕਰਵਾਉਣ ਤੋਂ ਛੋਟ ਦਿੱਤੀ ਗਈ ਹੈ, ਅਜਿਹੇ ਵਿਅਕਤੀ ਨੂੰ ਆਪਣੇ ਅਦਾਰੇ ਦੇ ਮਾਲਕ ਤੋਂ ਆਪਣੇ ਉਸੇ ਅਦਾਰੇ ਵਿੱਚ ਨੌਕਰੀ ਕਰਦੇ ਹੋਣ ਦਾ ਤਸਦੀਕ ਸ਼ੁਦਾ ਸਰਟੀਫਿਕੇਟ ਸੰਸਥਾ ਦੇ ਲੈਟਰ ਹੈਡ ਉਤੇ ਲਿਖਵਾ ਕੇ ਆਪਣੇ ਨੇੜੇ ਦੇ ਥਾਣੇ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ। ਏਡੀਸੀ ਨੇ ਕਿਹਾ ਕਿ ਪਹਿਲਾਂ ਅਸਲਾ ਜਮ੍ਹਾਂ ਕਰਵਾਉਣ ਦੀ ਮਿਤੀ 15 ਅਪ੍ਰੈਲ 2024 ਸੀ, ਜਿਸ ਨੂੰ ਹੁਣ ਵਧਾ ਕੇ 22 ਅਪ੍ਰੈਲ ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ।
ਮੈਡਮ ਕੰਚਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪਟਿਆਲਾ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ, ਸ਼ਾਂਤੀ ਬਰਕਰਾਰ ਰੱਖਣ ਅਤੇ ਹੋਣ ਵਾਲੀਆਂ ਚੋਣਾਂ ਨੂੰ ਸੁਚੱਜੇ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਲਈ ਲੋਕ ਹਿਤ ਵਿੱਚ ਅਸਲਾਧਾਰੀਆਂ ਪਾਸੋਂ ਉਨ੍ਹਾਂ ਦੇ ਅਸਲੇ ਨੂੰ ਜਮ੍ਹਾ ਕਰਵਾਉਣਾ ਜ਼ਰੂਰੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਜ, ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਬੈਂਕਾਂ 'ਚ ਗਾਰਡ ਦੀ ਨੌਕਰੀ ਕਰਦੇ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਣਗੇ।