Fwd: Punjabi and Hindi PN---ਡਿਪਟੀ ਕਮਿਸ਼ਨਰ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ

 
ਡਿਪਟੀ ਕਮਿਸ਼ਨਰ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ
ਹੁਸ਼ਿਆਰਪੁਰ, 26 ਅਪ੍ਰੈਲ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਦਿਆਂ ਕਣਕ ਦੀ ਲਿਫਟਿੰਗ ਮੂਵਮੈਂਟ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਤੁਰੰਤ ਕਰਵਾਈ ਜਾਵੇ। ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ ਟਾਂਡਾ ਵਿਓਮ ਭਾਰਦਵਾਜ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਟਾਂਡਾ ਨੂੰ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਕਣਕ ਦੀ ਅਦਾਇਗੀ ਵਿਚ ਕਿਸੇ ਤਰ੍ਹਾਂ ਦੀ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਖ਼ਰੀਦ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿਚ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਵਿਚ ਤੇਜ਼ੀ ਲਿਆਉਣੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਯਕੀਨੀ ਬਣਾਉਣ ਕਿ ਮੰਡੀਆਂ ਵਿਚ ਕਣਕ ਵੇਚਣ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ 84821 ਮੀਟ੍ਰਿਕ ਟਨ ਕਣਕ ਦੀ ਹੁਣ ਤੱਕ ਆਮਦ ਹੋਈ ਹੈ ਜਿਸ ਵਿਚੋਂ 84690 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਵੱਲੋਂ 26731 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਮਾਰਕਫੈਡ ਵੱਲੋਂ 16307, ਪਨਸਪ ਵੱਲੋਂ 20416, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 13528, ਐਫ.ਸੀ.ਆਈ ਵੱਲੋਂ 6037 ਅਤੇ ਵਪਾਰੀਆਂ ਵੱਲੋਂ 1671 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹੁਣ ਤੱਕ 146.33 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਦਾ ਇਕ-ਇਕ ਦਾਣਾ  ਖ਼ਰੀਦਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਤ ਨੂੰ ਕੰਬਾਇਨਾਂ ਨਾਲ ਕਣਕ ਦੀ ਕਟਾਈ ਨਾ ਕਰਨ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।