Fwd: ਡਿਪਟੀ ਕਮਿਸਨਰ ਨੇ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੀ ਫਸਲ ਦਾ ਨਿਰੀਖਣ ਕੀਤਾ

  ਡਿਪਟੀ ਕਮਿਸਨਰ ਨੇ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੀ ਫਸਲ ਦਾ ਨਿਰੀਖਣ ਕੀਤਾ
ਨਵਾਂਸ਼ਹਿਰ, 23 ਅਪ੍ਰੈਲ ਜ਼ਿਲ੍ਹੇ ਦੇ ਡਿਪਟੀ ਕਮਿਸਨਰ ਨਵਜੋਤ ਪਾਲ ਸਿੰਘ ਰੰਧਾਵਾ ਆਈ.ਏ.ਐਸ. ਨੇ  ਫਸਲਾਂ ਦੀ ਰਹਿੰਦ ਖੁਹੰਦ ਦੇ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਹਿੱਤ ਪਿੰਡ ਉਧੋਵਾਲ ਵਿਖੇ ਕਿਸਾਨ ਬਲਵੀਰ ਸਿੰਘ ਵਲੋਂ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕੀਤੇ ਜਾ ਰਹੇ ਫਸਲ ਕਟਾਈ ਤਜਰਬੇ ਦਾ ਨਰੀਖਣ ਕੀਤਾ। ਉਹਨਾਂ ਵਲੋਂ ਦਸਿੱਆ ਗਿਆ ਕਿ ਝੋਨੇ ਦੀ ਫਸਲ ਦਾ ਸੁਪਰ ਐਸ.ਐਮ.ਐਸ ਲੱਗੀ ਕੰਬਾਇਨ ਨਾਲ ਵਾਢੀ ਕਰਨ ਉਪਰੰਤ ਸਰਫੇਸ ਸੀਡਰ ਨਾਲ ਕਿਸਾਨ ਤੁਰੰਤ ਬਗੈਰ ਖੇਤ ਨੂੰ ਵਾਹੇ ਕਣਕ ਦੀ ਬਿਜਾਈ ਕਰ ਸਕਦਾ ਹੈ। ਇਹ ਮਸ਼ੀਨ ਚਲਾਉਣ ਲਈ 40 ਤੋਂ 45 ਹਾਰਸ ਪਾਵਰ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਸ਼ੀਨ ਨਾਲ 14 ਤੋਂ 16 ਏਕੜ ਰਕਬਾ ਇੱਕ ਦਿਨ ਵਿੱਚ ਬੀਜਿਆ ਜਾ ਸਕਦਾ ਹੈ। ਇਹ ਮਸ਼ੀਨ ਖਾਸ ਕਰਕੇ ਛੋਟੇ ਤੇ ਦਰਮਿਆਨੇ ਕਿਸਾਨਾਂ ਲਈ ਬਣਾਈ ਗਈ ਹੈ। ਇਸ ਮਸ਼ੀਨ ਨਾਲ ਝੋਨੇ ਦੀ ਪਰਾਲੀ 4-5 ਇੰਚ ਜਮੀਨ ਤੋਂ ਉਪਰ ਕੱਟਣੀ ਚਾਹੀਦੀ ਹੈ ਅਤੇ ਕਣਕ ਦੇ ਬੀਜ ਨੂੰ ਸੋਧਣ ਉਪਰੰਤ 45 ਕਿੱਲੋ ਬੀਜ/ਏਕੜ ਅਤੇ ਡੀ.ਏ.ਪੀ. 65 ਕਿੱਲੋ/ਏਕੜ ਦੀ ਵਰਤੋਂ ਕੀਤੀ ਜਾਂਦੀ ਹੈ। ਕਣਕ ਦੀ ਬਿਜਾਈ ਤੋਂ ਬਾਅਦ ਤੁਰੰਤ ਹਲਕਾ ਪਾਣੀ ਲਗਾਉਣਾ ਚਾਹੀਦਾ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇਸ ਤਕਨੀਕ ਨਾਲ ਬੀਜੀ ਹੋਈ ਕਣਕ ਘੱਟ ਗਿਰਦੀ ਹੈ ਅਤੇ ਪਰਾਲੀ ਦੇ ਖੇਤ ਵਿੱਚ ਰਹਿਣ ਕਰਕੇ ਜਮੀਨ ਦੀ ਸਿਹਤ ਦਾ ਵੀ ਸੁਧਾਰ ਹੁੰਦਾ ਹੈ ਅਤੇ ਨਦੀਨ ਵੀ ਘੱਟ ਹੁੰਦੇ ਹਨ।

ਕਿਸਾਨ ਸ.ਬਲਵੀਰ ਸਿੰਘ ਵਲੋਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਉਹ ਝੋਨੇ ਦੀ ਪਰਾਲੀ ਤੇ ਕਟਰ ਚਲਾਉਣ ਤੋਂ ਬਾਅਦ ਕਣਕ ਦੇ ਬੀਜ ਦਾ ਛੱਟਾ ਦੇ ਕੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਿਛਲੇ ਤਿੰਨ ਸਾਲ ਤੋਂ ਸਫਲਤਾ ਪੂਰਵਕ ਬਿਜਾਈ ਕਰ ਰਿਹਾ ਸੀ, ਅਤੇ ਕਣਕ ਦੇ ਝਾੜ ਦੇ ਨਤੀਜੇ ਤਸੱਲੀਬਖਸ਼ ਪ੍ਰਾਪਤ ਹੋ ਰਹੇ ਸਨ।ਇਸ ਸਾਲ ਵਿਭਾਗ ਵਲੋਂ ਮਿਲੀ ਸਰਫੇਸ ਸੀਡਰ ਸਕੀਮ ਨਾਲ ਕਿਸਾਨ ਵਲੋਂ ਸਫਲਤਾ ਪੂਰਵਕ 12 ਖੇਤਾਂ ਵਿੱਚ ਬਿਜਾਈ ਕੀਤੀ ਹੈ ਅਤੇ ਨਤੀਜੇ ਸੰਤੋਖਜਨਕ ਹਨ।
ਮੁੱਖ ਖੇਤੀਬਾੜੀ ਅਫਸਰ ਸ. ਦਪਿੰਦਰ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਸਰਫੇਸ ਸੀਡਰ ਮਸ਼ੀਨ ਨਾਲ ਜੇਕਰ ਕਣਕ ਦੀ ਬਿਜਾਈ ਕਰਦੇ ਹਾਂ ਤਾਂ ਝੋਨੇ ਦੀ ਪਰਾਲੀ ਦੀ ਸਮੱਸਿਆ ਦਾ ਯੋਗ ਪ੍ਰਬੰਧਨ ਕੀਤਾ ਜਾ ਸਕਦਾ ਹੈ ਅਤੇ ਕਿਸਾਨ ਘੱਟ ਵਹਾਈ ਅਤੇ ਘੱਟ ਪਾਣੀ ਦੀ ਵਰਤੋਂ ਕਰਨ ਨਾਲ ਖੇਤੀ ਖਰਚੇ ਘਟਾ ਸਕਦਾ ਹੈ, ਇਸ ਦੇ ਨਾਲ ਨਾਲ ਉਚਿਤ ਪਰਾਲੀ ਪ੍ਰਬੰਧਨ ਕਰਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਵੀ ਬਚਾ ਸਕਦੇ ਹਨ ਅਤੇ ਮਿੱਟੀ ਦੀ ਸਿਹਤ ਸੰਭਾਲ ਸਕਦੇ ਹਨ। ਉਹਨਾਂ ਕਿਸਾਨਾ ਨੂੰ ਕਣਕ ਦੀ ਬਿਜਾਈ ਲਈ ਵੱਧ ਤੋਂ ਵੱਧ ਇਹ ਵਿਧੀ ਅਪਨਾਉਣ ਦੀ ਅਪੀਲ ਕੀਤੀ।