-ਨੋਡਲ ਅਧਿਕਾਰੀ ਕਿਸਾਨ ਦੀ ਅਦਾਇਗੀ ਤੇ ਚੁਕਾਈ ਤੱਕ ਦਾ ਕੰਮ ਵੇਖਣਗੇ-ਡਿਪਟੀ ਕੀਮਿਸ਼ਨਰ
ਅੰਮਿ੍ਰਤਸਰ, 22 ਅਪ੍ਰੈਲ -ਜਿਲੇ ਵਿਚ ਕਣਕ ਦੀ ਆਮਦ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਹਰੇਕ ਮੰਡੀ ਲਈ ਇਕ ਨੋਡਲ ਅਧਿਕਾਰੀ ਤਾਇਨਾਤ ਕੀਤਾ ਹੈ। ਇੰਨਾ ਨੋਡਲ ਅਧਿਕਾਰੀਆਂ ਵਿਚ ਵਧੀਕ ਡਿਪਟੀ ਕਮਿਸ਼ਨਰ, ਐਸ ਡੀ ਐਮ, ਤਹਿਸੀਲਦਾਰ, ਜਿਲਾ ਵਿਕਾਸ ਤੇ ਪੰਚਾਇਤ ਅਧਿਕਾਰੀ, ਬੀ ਡੀ ਪੀ ਓ, ਨਾਇਬ ਤਹਿਸੀਲਦਾਰ, ਸਿੰਚਾਈ, ਖੇਤੀ, ਲੋਕ ਨਿਰਮਾਣ, ਸਮਾਜਿਕ ਸੁਰੱਖਿਆ, ਮੰਡੀ ਬੋਰਡ ਅਤੇ ਮਾਲ ਵਿਭਾਗ ਦੇ ਅਧਿਕਾਰੀ ਸ਼ਾਮਿਲ ਹਨ। ਅੱਜ ਇੰਨਾ ਨੋਡਲ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤ ਕਰਾਨ ਕਣਕ ਦੀ ਕਟਾਈ 4-5 ਦਿਨ ਦੇਰੀ ਨਾਲ ਸ਼ੁਰੂ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਤੇਜ਼ੀ ਨਾਲ ਹੋਵੇਗੀ, ਜਿਸ ਕਾਰਨ ਮੰਡੀਆਂ ਵਿਚ ਕਣਕ ਦੀ ਆਮਦ ਤੇਜ਼ੀ ਨਾਲ ਵਧੇਗੀ। ਉਨਾਂ ਕਿਹਾ ਕਿ ਅਜਿਹੇ ਵਿਚ ਕਣਕ ਦਾ ਸੀਜ਼ਨ ਮਹਿਜ਼ 10-12 ਦਿਨਾਂ ਵਿਚ ਸਿਮਟ ਜਾਣ ਦੀ ਆਸ ਹੈ, ਸੋ ਸਾਰੇ ਨੋਡਲ ਅਧਿਕਾਰੀ ਇੰਨਾ ਦਿਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਤੋਂ ਹੀ ਆਪਣੇ ਕੰਮ ਉਤੇ ਡਟ ਜਾਣ। ਉਨਾਂ ਕਿਹਾ ਕਿ ਸਾਰੇ ਨੋਡਲ ਅਧਿਕਾਰੀ ਮੰਡੀਆਂ ਵਿਚ ਕਣਕ ਦੀ ਖਰੀਦ, ਚੁਕਾਈ, ਅਦਾਇਗੀ ਤੋਂ ਇਲਾਵਾ ਕਿਸਾਨ ਨੂੰ ਪੇਸ਼ ਆਉਣ ਵਾਲੀ ਸੰਭਾਵੀ ਮੁਸ਼ਿਕਲ ਦਾ ਹੱਲ ਕਰਨਗੇ। ਉਨਾਂ ਕਿਹਾ ਕਿ ਜਿਲੇ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ, ਮੰਡੀਆਂ ਦੀ ਵੰਡ ਹੋ ਚੁੱਕੀ ਹੈ ਅਤੇ ਕਣਕ ਵੀ ਕੁੱਝ ਮੰਡੀਆਂ ਵਿਚ ਆ ਚੁੱਕੀ ਹੈ, ਬਸ ਲੋੜ ਹੈ ਸਬੰਧਤ ਏਜੰਸੀਆਂ ਨਾਲ ਤਾਲਮੇਲ ਕਰਕੇ ਇਕ ਟੀਮ ਵਜੋਂ ਕੰਮ ਕਰਕੇ ਇਸ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਦੀ। ਉਨਾਂ ਕਿਹਾ ਕਿ ਇੰਨਾ ਦਿਨਾਂ ਦੌਰਾਨ ਸਾਰੇ ਨੋਡਲ ਅਧਿਕਾਰੀ ਆਪਣੇ ਆਪਣੇ ਵਿਭਾਗ ਦੇ ਕੰਮਾਂ ਦੇ ਨਾਲ-ਨਾਲ ਕਣਕ ਦੀ ਖਰੀਦ ਦਾ ਕੰਮ ਤਰਜੀਹੀ ਅਧਾਰ ਉਤੇ ਕਰਨਗੇ, ਤਾਂ ਜੋ ਚੋਣ ਸਰਗਰਮੀਆਂ ਦਾ ਜ਼ੋਰ ਫੜਨ ਤੋਂ ਪਹਿਲਾਂ-ਪਹਿਲਾਂ ਇਸ ਕੰਮ ਨੂੰ ਮਕੁੰਮਲ ਕਰ ਲਿਆ ਜਾਵੇ। ਅੱਜ ਦੀ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ, ਸਹਾਇਕ ਕਮਿਸ਼ਨਰ ਸ੍ਰੀ ਵਿਵੇਕ ਮੋਦੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੁਰਿੰਦਰ ਸਿੰਘ, ਆਰ ਟੀ ਏ ਸ. ਅਰਸ਼ਦੀਪ ਸਿੰਘ, ਵਧੀਕ ਮੁੱਖ ਪ੍ਰਸ਼ਾਸਕ ਪੁੱਡਾ ਸ੍ਰੀ ਰਜਤ ਉਬਰਾਏ, ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ, ਐਸ ਡੀ ਐਮ ਮਨਕੰਵਲ ਸਿੰਘ ਚਾਹਲ, ਸ੍ਰੀ ਲਾਲ ਵਿਸਵਾਸ਼, ਸ੍ਰੀਮਤੀ ਹਰਨੂਰ ਕੌਰ ਢਿਲੋਂ, ਅਰਵਿੰਦਰਪਾਲ ਸਿੰਘ, ਅਮਨਦੀਪ ਕੌਰ ਘੁੰਮਣ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।