ਹੁਸ਼ਿਆਰਪੁਰ ਸ਼ਹਿਰ ਦੀ ਨੁਹਾਰ ਬਦਲਣ ’ਚ ਨਹੀਂ ਛੱਡੀ ਜਾਵੇਗੀ ਕੋਈ ਕਸਰ : ਬ੍ਰਮ ਸ਼ੰਕਰ ਜਿੰਪਾ

ਵਾਰਡਾਂ ਦੀਆਂ ਸੜਕਾਂ ਦੇ ਵਿਕਾਸ ਲਈ 512.23 ਲੱਖ ਰੁਪਏ ਦੇ ਕੰਮ ਦਾ ਮਤਾ ਹੋਇਆ ਪਾਸ : ਮੇਅਰ ਸੁਰਿੰਦਰ ਕੁਮਾਰ
ਹੁਸ਼ਿਆਰਪੁਰ, 12 ਜਨਵਰੀ:ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਸੰਵਾਰਨ ਅਤੇ ਇਸ ਦੀ ਨੁਹਾਰ ਬਦਲਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਰੇ ਕੌਂਸਲਰਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਨੂੰ ਖ਼ੂਬਸੂਰਤ ਬਣਾਇਆ ਜਾਵੇਗਾ। ਉਹ ਅੱਜ ਨਗਰ ਨਿਗਮ ਹੁਸ਼ਿਆਰਪੁਰ ਦੀ ਹਾਊਸ ਦੀ ਬੈਠਕ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਾਲ ਦੀ ਪਹਿਲੀ ਹਾਊਸ ਦੀ ਬੈਠਕ ਵਿਚ ਉਨ੍ਹਾਂ ਹਾਊਸ ਦੇ ਸਾਰੇ ਮੈਂਬਰਾਂ ਨੂੰ ਨਵੇਂ ਸਾਲ ਅਤੇ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਮਿਲ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ ਦਾ ਸੱਦਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਦੀ ਹਾਊਸ ਦੀ ਬੈਠਕ ਵਿਚ ਲੋਕ ਹਿੱਤ ਵਿਚ ਵੱਖ-ਵੱਖ ਮਤੇ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਜਿਨ੍ਹਾਂ ਇਲਾਕਿਆਂ ਵਿਚ ਜਲ ਸਪਲਾਈ ਜਾਂ ਸੀਵਰੇਜ ਦੀ ਸੁਵਿਧਾ ਨਹੀਂ ਹੈ, ਉਥੇ ਵੀ ਇਸ ਸਬੰਧੀ ਜਲਦ ਕੰਮ ਕੀਤਾ ਜਾਵੇਗਾ। ਜਿਨ੍ਹਾਂ ਮੁਹੱਲਿਆਂ ਵਿਚ ਪੀਣ ਵਾਲੇ ਪਾਣੀ ਦੀ ਦਿੱਕਤ ਹੈ ਉਥੇ ਟਿਊਬਵੈਲ ਲਗਵਾਏ ਜਾਣਗੇ। ਇਸ ਤੋਂ ਇਲਾਵਾ ਅਸੁਰੱਖਿਅਤ ਇਮਾਰਤਾਂ ਅਤੇ ਨਗਰ ਨਿਗਮ ਦੀਆਂ ਥਾਵਾਂ 'ਤੇ ਹੋਏ ਕਬਜ਼ਿਆਂ ਨੂੰ ਲੈ ਕੇ  ਵਿਸ਼ੇਸ਼ ਰਣਨੀਤੀ ਬਣਾਈ ਗਈ ਹੈ। ਹਾਊਸ ਦੀ ਇਸ ਬੈਠਕ ਵਿਚ ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਵੱਖ-ਵੱਖ ਵਾਰਡਾਂ ਦੇ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਖਾਲੀ ਥਾਵਾਂ ਨੂੰ ਗਰੀਨ ਬੈਲਟ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ ਅਤੇ ਫੂਡ ਸਟਰੀਟ ਦੀ ਤਰਜ਼ 'ਤੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਨੁੰ ਸੰਵਾਰਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਨਗਰ ਨਿਗਮ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਸਵੱਛਤਾ ਰੈਂਕ ਵਿਚ ਹੁਸ਼ਿਆਰਪੁਰ ਨਗਰ ਨਿਗਮ ਨੇ ਵੱਡੀ ਛਲਾਂਗ ਲਗਾਉਂਦੇ ਹੋਏ ਪਹਿਲਾਂ ਦੇ ਮੁਕਾਬਲੇ ਵਧੀਆ ਪਕੜ ਬਣਾਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਉਹ ਨਗਰ ਨਿਗਮ ਨੂੰ ਸਹਿਯੋਗ ਦੇਣ ਤਾਂ ਜੋ ਹੁਸ਼ਿਆਰਪੁਰ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਇਆ ਜਾ ਸਕੇ।
ਨਗਰ ਨਿਗਮ ਮੇਅਰ ਸੁਰਿੰਦਰ ਕੁਮਾਰ ਨੇ ਹਾਊਸ ਦੀ ਬੈਠਕ ਸਬੰਧੀ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਸ਼ਹਿਰ ਵਾਸੀਆਂ ਨੂੰ 100 ਫੀਸਦੀ ਬੁਨਿਆਦੀ ਸੁਵਿਧਾਵਾਂ ਦੇਣ ਦੇ ਲਈ ਵਚਨਬੱਧ ਹੈ। ਸ਼ਹਿਰ ਦੇ ਅੰਦਰ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਪੂਰੀਆਂ ਸੁਵਿਧਾਵਾਂ ਦੇਣ ਦੇ ਲਈ ਸਮੇਂ-ਸਮੇਂ 'ਤੇ ਨਿਗਮ ਵਲੋਂ ਹਾਊਸ ਦੀ ਬੈਠਕ ਦੇ ਦੌਰਾਨ ਮਤੇ ਪਾਸ ਕਰਕੇ ਸਰਕਾਰ ਨੂੰ ਭੇਜੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਹਾਊਸ ਦੀ ਬੈਠਕ ਵਿਚ ਵੱਖ-ਵੱਖ ਵਾਰਡਾਂ ਵਿਚ ਸੜਕਾਂ ਦਾ ਵਿਕਾਸ ਕਰਨ ਦੇ ਲਈ 512.23 ਲੱਖ ਰੁਪਏ ਦੇ ਕੰਮ ਦੇ ਮਤੇ ਹਾਊਸ ਵਲੋਂ ਪਾਸ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਸਟਰੀਟ ਲਾਈਟ ਦੀ ਸੁਵਿਧਾ ਦੇਣ ਦੇ ਲਈ 229 ਲੱਖ ਰੁਪਏ ਪਾਸ ਕੀਤੇ ਗਏ, ਜਿਸ ਦੇ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ।
ਮੁਹੱਲਾ ਸੰਤੋਖ ਨਗਰ, ਮੁਹੱਲਾ ਕੀਰਤੀ ਨਗਰ, ਮੁਹੱਲਾ ਬੀਰਬਲ ਨਗਰ, ਮੁਹੱਲਾ ਵਾਲਮੀਕਿ, ਮੁਹੱਲਾ ਪੱਖੋਆਣਾ ਨਿਆੜਾ ਰੋਡ ਵਿਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸੁਵਿਧਾ ਦੇਣ ਲਈ 40 ਲੱਖ ਰੁਪਏ ਮਨਜ਼ੂਰ ਕੀਤੇ ਗਏ, ਜਿਸ ਦੇ ਰਾਹੀਂ ਇਨ੍ਹਾਂ ਮੁਹੱਲਿਆਂ ਵਿਚ ਜਲ ਸਪਲਾਈ ਅਤੇ ਸੀਵਰੇਜ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਤੰਦਰੁਸਤ ਰੱਖਣ ਲਈ ਬਿਰਧ ਆਸ਼ਰਮ ਰਾਮ ਕਲੋਨੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਪਾਰਕ ਦੇ ਰੱਖ-ਰਖਾਅ ਦਾ ਕੰਮ ਸਬੰਧਤ ਮੁਹੱਲੇ ਦੀਆਂ ਐਸੋਸੀਏਸ਼ਨਾਂ ਨੁੰ ਦਿੱਤਾ ਗਿਆ ਹੈ, ਤਾਂ ਜੋ ਸ਼ਹਿਰ ਵਾਸੀ ਇਨ੍ਹਾਂ ਪਾਰਕਾਂ ਵਿਚ ਸੈਰ ਕਰ ਸਕਣ ਅਤੇ ਤੰਦਰੁਸਤ ਵਾਤਾਵਰਣ ਦਾ ਆਨੰਦ ਲੈ ਸਕਣ। ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਕਿਸੇ ਵੀ ਪੱਖ ਤੋਂ ਵਾਰਡਾਂ ਦੇ ਵਿਕਾਸ ਵਿਚ ਕਮੀ ਨਹੀਂ ਛੱਡੀ ਜਾਵੇਗੀ। ਨਗਰ ਹਮੇਸ਼ਾ ਹੀ ਸ਼ਹਿਰ ਵਾਸੀਆਂ ਨੂੰ ਸਮੇਂ-ਸਮੇਂ 'ਤੇ ਬੁਨਿਆਦੀ ਸੁਵਿਧਾਵਾਂ ਦਿੰਦਾ ਰਹੇਗਾ ਅਤੇ ਭਵਿੱਖ ਵਿਚ ਵੀ ਸ਼ਹਿਰ ਦਾ ਵਿਕਾਸ ਕਰਨ ਦੇ ਲਈ ਸਰਕਾਰ ਤੋਂ ਗ੍ਰਾਂਟ ਪ੍ਰਾਪਤ ਕਰਦਾ ਰਹੇਗਾ।