ਬੰਗਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਸਾਢੇ 12 ਲੱਖ ਰੁਪਏ ਦੀ ਗਰਾਂਟ ਸੌਂਪੀ
ਬੰਗਾ, 24 ਜਨਵਰੀ: ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਵਿਕਾਸ ਸਿਰਫ਼ ਫੋਕੇ ਦਾਅਵੇ ਕਰਨ ਨਾਲ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਹੱਲ ਕਰਨ ਨਾਲ ਹੁੰਦਾ ਹੈ। ਸੰਸਦ ਮੈਂਬਰ ਤਿਵਾੜੀ ਅੱਜ ਬੰਗਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਘਟਾਰੋਂ ਅਤੇ ਡੀਂਗਰੀਆਂ ਵਿੱਚ ਅਯੋਜਿਤ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਜਿੱਥੇ ਉਨ੍ਹਾਂ ਨੇ ਘਟਾਰੋਂ, ਡੀਂਗਰੀਆਂ, ਥਾਂਦੀਆਂ ਅਤੇ ਚੇਤਾ ਪਿੰਡਾਂ ਵੱਖ-ਵੱਖ ਵਿਕਾਸ ਕਾਰਜਾਂ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਜਾਰੀ ਕੀਤੀ ਗਈ ਸਾਢੇ 12 ਲੱਖ ਰੁਪਏ ਦੀ ਗ੍ਰਾਂਟ ਇਲਾਕਾ ਨਿਵਾਸੀਆਂ ਨੂੰ ਭੇਂਟ ਕੀਤੀ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਵਿਕਾਸ ਦੇ ਹੱਕ ਵਿੱਚ ਰਹੀ ਹੈ ਅਤੇ ਸੂਬੇ ਵਿੱਚ ਪਿਛਲੀ ਪਾਰਟੀ ਦੀ ਸਰਕਾਰ ਸਮੇਂ ਵਿਧਾਨ ਸਭਾ ਹਲਕੇ ਵਿੱਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਗਏ ਸਨ। ਸੰਸਦ ਮੈਂਬਰ ਨੇ ਕਿਹਾ ਕਿ ਵਿਕਾਸ ਜ਼ਮੀਨੀ ਪੱਧਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣ ਕੇ ਉਨ੍ਹਾਂ ਨੂੰ ਹੱਲ ਕਰਨ ਨਾਲ ਹੁੰਦਾ ਹੈ। ਇਸੇ ਲੜੀ ਤਹਿਤ ਉਹ ਲੋਕ ਸਭਾ ਹਲਕੇ ਵਿੱਚ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।
ਇਸ ਦੌਰਾਨ ਸੰਸਦ ਮੈਂਬਰ ਤਿਵਾੜੀ ਨੇ ਮਹਿੰਗਾਈ ਦੀ ਸਮੱਸਿਆ 'ਤੇ ਕੇਂਦਰ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ 9 ਸਾਲਾਂ ਵਿੱਚ ਆਟਾ, ਦਾਲ, ਖੰਡ, ਰਸੋਈ ਗੈਸ ਸਮੇਤ ਸਾਰੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਅਤੇ ਇਸ ਕਾਰਨ ਲੋਕਾਂ ਦੇ ਘਰਾਂ ਦਾ ਬਜਟ ਪੂਰੀ ਤਰ੍ਹਾਂ ਨਾਲ ਵਿਗੜ ਗਿਆ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਜਿੱਥੇ ਹੋਰਨਾਂ ਤੋਂ ਇਲਾਵਾ, ਤਰਲੋਚਨ ਸਿੰਘ ਸੂੰਡ ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਸਤਵੀਰ ਸਿੰਘ ਪੱਲੀਝਿੱਕੀ, ਕਮਲਜੀਤ ਬੰਗਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਹੁਸਨ ਲਾਲ ਘੁੰਮਣ ਸੀਨੀਅਰ ਕਾਂਗਰਸੀ ਆਗੂ, ਭਜਨ ਸਿੰਘ ਭੜੌਲੀ, ਰਘੁਬੀਰ ਸਿੰਘ ਬਿੱਲਾ, ਬਲਬੀਰ ਬੈਂਸ ਐਨ.ਆਰ.ਆਈ., ਤੀਰਥਾ ਰਾਣੀ ਸਰਪੰਚ, ਰਣਜੀਤ ਕੌਰ ਸਰਪੰਚ, ਰੂਪ ਲਾਲ ਸਰਪੰਚ, ਬਲਬੀਰ ਸਿੰਘ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਨੰਬਰਦਾਰ, ਕ੍ਰਿਸ਼ਨਾ ਦੇਵੀ ਪੰਚ, ਦੇਸ ਰਾਜ ਪੰਚ, ਗੁਰਪਾਲ ਕੌਰ ਪੰਚ, ਸੋਹਣ ਰਾਮ ਪੰਚ, ਜਸਵਿੰਦਰ ਕੌਰ ਪੰਚ, ਚਰਨਜੀਤ ਰਾਮ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਰਾਜ ਕੁਮਾਰ, ਲੈਂਬੜ ਰਾਮ ਸੰਮਤੀ ਮੈਂਬਰ ਵੀ ਹਾਜ਼ਰ ਸਨ।