ਡੇਅਰੀ ਵਿਕਾਸ ਵਿਭਾਗ ਨੇ ਰਾਸ਼ਟਰੀ ਪਸ਼ੂ ਧਨ ਮਿਸ਼ਨ ਅਧੀਨ ਕਰਵਾਇਆ ਬਲਾਕ ਪੱਧਰੀ ਸੈਮੀਨਾਰ



ਹੁਸ਼ਿਆਰਪੁਰ, 23 ਜਨਵਰੀ :ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਰਾਸ਼ਟਰੀ ਪਸ਼ੂ ਧਨ ਮਿਸ਼ਨ ਦੀਆਂ ਸਕੀਮਾਂ ਸਬੰਧੀ ਪਿੰਡ ਥਿੰਦਾ ਚਿਪੜਾ ਵਿਖੇ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਪਿੰਡ ਥਿੰਦਾ ਚਿਪੜਾ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ 200 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਸੈਮੀਨਾਰ ਦਾ ਉਦਘਾਟਨ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਵਲੋਂ ਕੀਤਾ ਗਿਆ। ਉਨ੍ਹਾਂ ਨੇ ਡੇਅਰੀ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਦੁੱਧ ਉਤਪਾਦਕਾਂ ਨੂੰ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹਰਵਿੰਦਰ ਸਿੰਘ ਨੇ ਫਾਰਮਰਾਂ ਨੂੰ ਡੇਅਰੀ ਦੀਆਂ ਸਕੀਮਾਂ ਜਿਵੇਂ ਕਿ ਡੀ.ਡੀ 8 ਕੈਟਲਸ਼ੈੱਡ, ਮਿਲਕਿੰਗ ਮਸ਼ੀਨ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ। ਉਨ੍ਹਾਂ ਸੈਮੀਨਾਰ ਦੌਰਾਨ ਰਾਸ਼ਟਰੀ ਪਸ਼ੂ ਧਨ ਮਿਸ਼ਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਤਾਂ ਜੋ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਕਿ ਹਾਈਟੈੱਕ ਮਸ਼ੀਨਰੀ, ਚਾਰਾ ਪ੍ਰਬੰਧਨ, ਸਾਈਲੇਜ ਬੇਲਰ, ਰੈਪਰ ਮਸ਼ੀਨ ਅਤੇ ਟੀ.ਐਮ.ਆਰ 'ਤੇ ਮਿਲ ਰਹੀ 50 ਫੀਸਦੀ ਰਿਆਇਤ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ। ਇਸ ਦੌਰਾਨ ਬੈਂਕਾਂ ਦੇ ਨੁਮਾਇੰਦਿਆ ਨੇ  ਮੁਦਰਾ ਅਤੇ ਸਟੈਂਡਅਪ ਅਧੀਨ ਮਿਲ ਰਹੀਆਂ ਕਰਜਾ ਯੋਜਨਾਵਾਂ ਸਬੰਧੀ ਜਾਗਰੂਕ ਕੀਤਾ। ਇਸ ਸੈਮੀਨਾਰ ਵਿਚ ਸ਼ਾਮਲ ਹੋਏ ਡੇਅਰੀ ਉਤਪਾਦਕਾਂ ਨੂੰ ਰਜਿਸਟ੍ਰੇਸ਼ਨ ਸਮੇਂ ਲਿਟਰੇਚਰ ਕਿੱਟ, ਚਾਹ ਅਤੇ 2 ਕਿਲੋ ਮਿਨਰਲ ਮਿਕਚਰ ਪ੍ਰਤੀ ਫਾਰਮਰ ਅਤੇ ਦੁਪਿਹਰ ਦਾ ਖਾਣਾ ਮੁਫਤ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਅਤੇ ਕੰਪਨੀਆਂ ਵਲੋਂ ਆਪਣੇ ਸਟਾਲ ਲਗਾਏ ਗਏ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹੁਸ਼ਿਆਰਪੁਰ ਦੇ ਸਮੂਹ ਸਟਾਫ ਵਲੋਂ ਡੇਅਰੀ ਫਾਰਮਰਾਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।