ਪਟਿਆਲਾ, 22 ਜਨਵਰੀ:ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ
ਡਾਇਰੈਕਟੋਰੇਟ ਆਫ਼ ਵੀਟ
ਡਿਵੈਲਪਮੈਂਟ ਦੇ ਸੰਯੁਕਤ ਡਾਇਰੈਕਟਰ ਡਾ. ਵਿਕਰਾਂਤ ਸਿੰਘ ਵੱਲੋਂ ਜ਼ਿਲ੍ਹਾ ਪਟਿਆਲਾ ਵਿਖੇ
ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਅਤੇ ਖੇਤੀਬਾੜੀ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ ਕਣਕ ਅਤੇ
ਗੋਭੀ ਸਰ੍ਹੋਂ ਦੀ ਫ਼ਸਲ ਦਾ ਜਾਇਜ਼ਾ ਲਿਆ ਗਿਆ।
ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਟੀਮ ਵੱਲੋਂ
ਜ਼ਿਲ੍ਹਾ ਪਟਿਆਲਾ ਦੇ ਪਿੰਡ ਬਿਰੜਵਾਲ ਵਿਖੇ ਕਿਸਾਨ ਪ੍ਰਦੀਪ ਸਿੰਘ ਦੇ ਗੋਭੀ ਸਰ੍ਹੋਂ
ਜੀ.ਐਸ.ਸੀ.-7 ਪਲਾਟ ਦਾ ਅਤੇ ਕਿਸਾਨ ਅਵਤਾਰ ਸਿੰਘ ਦੇ ਕਣਕ ਦੇ ਵੱਖ-ਵੱਖ ਪਲਾਟਾਂ ਅਤੇ ਪਿੰਡ
ਦਿੱਤੂਪੁਰ ਵਿਖੇ ਕਿਸਾਨ ਨਰਿੰਦਰ ਸਿੰਘ ਦੇ ਗੋਭੀ ਸਰ੍ਹੋਂ ਜੀ.ਐਸ.ਸੀ.-7 ਅਤੇ ਆਰਗੈਨਿਕ
ਤਰੀਕੇ ਨਾਲ ਤਿਆਰ ਕੀਤੀ ਕਣਕ ਅਤੇ ਹੋਰ ਫ਼ਸਲਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਡਾ.
ਵਿਕਰਾਂਤ ਸਿੰਘ ਵੱਲੋਂ ਹਾਜ਼ਰ ਕਿਸਾਨਾਂ ਨਾਲ ਇਹਨਾਂ ਫ਼ਸਲਾਂ ਸਬੰਧੀ ਤਕਨੀਕੀ ਨੁਕਤੇ ਸਾਂਝੇ
ਕੀਤੇ ਗਏ ਅਤੇ ਭਾਰਤ ਸਰਕਾਰ ਦੇ ਪੋਰਟਲ ਉੱਪਰ ਕਿਸਾਨਾਂ ਦਾ ਡਾਟਾ ਅੱਪਲੋਡ ਕੀਤਾ ਗਿਆ।
ਡਾ. ਵਿਕਰਾਂਤ ਸਿੰਘ ਵੱਲੋਂ ਫ਼ਸਲਾਂ ਦੀ ਹਾਲਤ ਬਾਰੇ ਦੱਸਿਆ ਕਿ ਸਰ੍ਹੋਂ ਅਤੇ ਕਣਕ ਦੀ
ਫ਼ਸਲ ਬਹੁਤ ਵਧੀਆ ਹੈ ਅਤੇ ਵਧੀਆ ਝਾੜ ਆਉਣ ਦਾ ਅਨੁਮਾਨ ਹੈ। ਡਾ. ਵਿਕਰਾਂਤ ਸਿੰਘ ਵੱਲੋਂ
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਾਇੰਸਦਾਨਾਂ ਡਾ. ਰਚਨਾ ਸਿੰਗਲਾ, ਡਾ. ਰਜਨੀ ਗੋਇਲ ਅਤੇ ਡਾ.
ਹਰਦੀਪ ਸਿੰਘ ਸਵੀਕੀ ਨੂੰ ਹੋਰ ਪਲਾਟਾਂ ਦਾ ਡਾਟਾ ਐਨ.ਐਫ.ਐਸ.ਐਮ ਪੋਰਟਲ ਉੱਪਰ ਅੱਪਲੋਡ ਕਰਨ
ਲਈ ਕਰਨ ਲਈ ਕਿਹਾ ਗਿਆ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਮੇਲ ਸਿੰਘ ਅਤੇ
ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰਪਾਲ ਸਿੰਘ ਚੱਠਾ ਨੇ ਜ਼ਿਲ੍ਹੇ ਵਿਚ ਕਿਸਮਵਾਰ ਬੀਜੀ
ਗਈ ਕਣਕ ਦਾ ਡਾਟਾ ਅਤੇ ਜ਼ਿਲ੍ਹੇ ਦੀ ਖੇਤੀ ਸਬੰਧੀ ਹੋਰ ਜਾਣਕਾਰੀ ਭਾਰਤ ਸਰਕਾਰ ਦੇ
ਨੁਮਾਇੰਦਿਆਂ ਨਾਲ ਸਾਂਝੀ ਕੀਤੀ।