Fwd: ਨਗਰ ਨਿਗਮ ਨੇ ਵਿੱਢੀ ਸਵੱਛ ਤੀਰਥ ਮੁਹਿੰਮ

 ਪਟਿਆਲਾ, 18 ਜਨਵਰੀ:ਨਗਰ ਨਿਗਮ ਪਟਿਆਲਾ ਵੱਲੋਂ ਸਵੱਛ ਤੀਰਥ  ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਉਨ੍ਹਾਂ ਨਜ਼ਦੀਕ ਪੈਂਦੀਆਂ ਕਲੋਨੀਆਂ ਨੂੰ ਪਲਾਸਟਿਕ ਕੂੜਾ ਮੁਕਤ ਕਰਨ ਲਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿੱਚ ਸੜਕਾਂ, ਗਲੀਆਂ ਅਤੇ ਹੋਰਨਾਂ ਖੁੱਲ੍ਹੀਆਂ ਥਾਵਾਂ ਤੇ ਖਿਲਰੇ ਹੋਏ ਪਲਾਸਟਿਕ ਕੂੜੇ ਨੂੰ ਸਫ਼ਾਈ ਸੇਵਕਾਂ ਵੱਲੋਂ ਇਕੱਠਾ ਕਰਕੇ ਨਜ਼ਦੀਕੀ ਐਮ.ਆਰ.ਐਫ ਸੈਂਟਰਾਂ ਉੱਤੇ ਭੇਜਿਆ ਗਿਆ।
  ਨਗਰ ਨਿਗਮ ਪਟਿਆਲਾ ਦੇ ਸੰਯੁਕਤ ਕਮਿਸ਼ਨਰ ਬਬਨਪ੍ਰੀਤ ਸਿੰਘ ਵਾਲੀਆ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇਸ ਮੁਹਿੰਮ ਦੇ ਮੁੱਖ ਤੌਰ ਤੇ 3 ਮਕਸਦ ਹਨ, ਪਹਿਲਾ ਧਾਰਮਿਕ ਅਤੇ ਹੋਰਨਾਂ ਸਥਾਨਾਂ ਅੰਦਰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਪਾਬੰਦੀ, ਦੂਜਾ ਗਿੱਲੇ ਕੂੜੇ ਤੋਂ ਅਦਾਰੇ ਦੇ ਅੰਦਰ ਹੀ ਖਾਦ ਤਿਆਰ ਕਰਨੀ ਅਤੇ ਤੀਜਾ ਇਨ੍ਹਾਂ ਅਦਾਰਿਆਂ ਦੇ ਨਜ਼ਦੀਕ ਖੁੱਲ੍ਹੇ ਵਿੱਚ ਪਏ ਪਲਾਸਟਿਕ ਕੂੜੇ ਅਦਾਰੇ ਨਾਲ ਮਿਲ ਕੇ ਇਕੱਠਾ ਕਰਕੇ ਐਮ.ਆਰ.ਐਫ ਵਿਖੇ ਸੰਭਾਲਣਾ।
ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਸਿਹਤ ਅਤੇ ਵਾਤਾਵਰਣ ਲਈ ਬਹੁਤ ਖਤਰਨਾਕ ਹੈ, ਇਸ ਲਈ ਇਸ ਦੀ ਵਰਤੋਂ ਬੰਦ ਕੀਤੀ ਜਾਵੇ ਅਤੇ ਆਪਣਾ ਆਲਾ ਦੁਆਲਾ ਸਾਫ਼ ਰੱਖਿਆ ਜਾਵੇ। ਇਸ ਤੋਂ ਇਲਾਵਾ ਲੰਗਰਾਂ ਮੌਕੇ ਵੀ ਕਿਸੇ ਵੀ ਸਿੰਗਲ ਯੂਜ਼ ਪਲਾਸਟਿਕ ਜਿਵੇਂ ਕਿ ਪਲਾਸਟਿਕ ਕੱਪ, ਪਲੇਟ, ਗਲਾਸਾਂ ਦੀ ਵਰਤੋਂ ਨਾ ਕਰਕੇ ਸਟੀਲ ਦੇ ਬਰਤਨਾਂ ਦਾ ਇਸਤੇਮਾਲ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਗੁਰਦਵਾਰਾ ਮੋਤੀ ਬਾਗ ਸਾਹਿਬ ਵੱਲੋਂ ਸਬਜ਼ੀਆਂ-ਫਲਾਂ ਦੇ ਛਿਲਕਿਆਂ ਸਮੇਤ ਪੱਤਿਆਂ ਆਦਿ ਤੋਂ ਖਾਦ ਤਿਆਰ ਕਰਨ ਦਾ ਉਪਰਾਲਾ ਆਰੰਭਿਆ ਗਿਆ ਹੈ।
ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਸਮਾਜਿਕ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ।