ਵਿਕਸਿਤ ਭਾਰਤ ਸੰਕਲਪ ਯਾਤਰਾ (ਸ਼ਹਿਰੀ) ਤਹਿਤ ਬਲਾਚੌਰ ਅਤੇ ਰਾਹੋਂ ਵਿਖੇ ਪ੍ਰੋਗਰਾਮ ਆਯੋਜਿਤ

ਵਿਕਸਿਤ ਭਾਰਤ ਸੰਕਲਪ ਯਾਤਰਾ (ਸ਼ਹਿਰੀ) ਨੂੰ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਿਲ ਰਿਹਾ ਭਰਵਾਂ ਹੁੰਗਾਰਾ

 ਸ਼ਹੀਦ ਭਗਤ ਸਿੰਘ ਨਗਰ ( ਬਲਾਚੌਰ ਅਤੇ ਰਾਹੋਂ ) - 17/01/2024- ਵਿਕਸਿਤ ਭਾਰਤ ਸੰਕਲਪ ਯਾਤਰਾ (ਸ਼ਹਿਰੀ)  ਤਹਿਤ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਲਾਚੌਰ ਅਤੇ ਰਾਹੋਂ ਵਿਚ ਪ੍ਰੋਗਰਾਮ ਆਯੋਜਿਤ ਕੀਤੇ ਗਏ । ਇਹਨਾਂ ਪ੍ਰੋਗਰਾਮਾਂ ਦੌਰਾਨ ਭਾਰਤ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਵਿਕਸਿਤ ਭਾਰਤ ਦਾ ਸੰਕਲਪ ਵੀ ਲਿਆ ਗਿਆ ।

ਇਸ ਮੌਕੇ ਡਾਕ ਵਿਭਾਗ, ਬੈਂਕ, ਪੀਜੀਆਈ ਤੋਂ ਆਈ ਡਾਕਟਰਾਂ ਦੀ ਟੀਮ ਨੇ ਪ੍ਰੋਗਰਾਮ ਵਾਲੇ ਸਥਾਨ 'ਤੇ ਬੂਥ ਲਗਾਏ ਅਤੇ ਲੋੜਵੰਦਾਂ ਦਾ ਚੈੱਕਅਪ ਵੀ ਕੀਤਾ ਗਿਆ। ਇਸ ਮੌਕੇ ਕਾਰਪੋਰੇਸ਼ਨ ਦਫ਼ਤਰ ਵੱਲੋਂ ਮੌਜੂਦ ਕਰਮਚਾਰੀਆਂ ਵੱਲੋਂ ਸਰਕਾਰ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।  ਇਸ ਮੌਕੇ ਐਫ.ਸੀ.ਆਈ ਦੇ ਅਫਸਰ ਸਹਿਬਾਨ ਵੀ ਮੌਕੇ 'ਤੇ ਮੌਜੂਦ ਰਹੇ।

ਜਾਗਰੂਕਤਾ ਵੈਨ ਸਮੇਤ ਇਹ ਯਾਤਰਾ ਸ਼ਹੀਦ ਭਗਤ ਸਿੰਘ ਨਗਰ ਸਣੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ। ਇਸ ਰਾਹੀਂ ਕੇਂਦਰ ਸਰਕਾਰ ਦੀਆਂ ਵੱਖ-ਵੱਖ ਫਲੈਗਸ਼ਿਪ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਯੋਗ ਲਾਭਪਾਤਰੀਆਂ ਨੂੰ ਮੌਕੇ 'ਤੇ ਹੀ ਇਨ੍ਹਾਂ ਸਕੀਮਾਂ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਸਮਾਗਮ ਵਾਲੀ ਥਾਂ 'ਤੇ ਐੱਲਈਡੀ ਸਕਰੀਨਾਂ ਵਾਲੀ ਸੰਕਲਪ ਯਾਤਰਾ ਦੀ ਵੈਨ ਵੀ ਮੌਜੂਦ ਸੀ, ਜਿਸ ਵਿੱਚ ਦੇਸ਼ ਦੀ ਸਮੁੱਚੀ ਤਰੱਕੀ ਨੂੰ ਦਰਸਾਉਣ ਬਾਰੇ ਪ੍ਰਧਾਨ ਮੰਤਰੀ ਦੇ ਰਿਕਾਰਡ ਕੀਤੇ ਭਾਸ਼ਣ, ਲਾਭਪਾਤਰੀਆਂ ਦੀਆਂ ਕਹਾਣੀਆਂ, ਪੈਂਫਲਿਟ, ਕੈਲੰਡਰ ਦੇ ਰੂਪ ਵਿੱਚ ਜਾਗਰੂਕਤਾ ਸਮੱਗਰੀ ਰੱਖੀ ਗਈ ਸੀ।

ਵਿਕਸਿਤ ਭਾਰਤ ਸੰਕਲਪ ਯਾਤਰਾ ਭਾਰਤ ਸਰਕਾਰ ਦੀ ਹੁਣ ਤੱਕ ਦੀ ਸਭ ਤੋਂ ਵਿਆਪਕ ਪਹਿਲ ਹੈ। ਬਹੁਪੱਖੀ ਵਿਕਾਸ ਦੇ ਦ੍ਰਿਸ਼ਟੀਕੋਣ 'ਤੇ ਆਧਾਰਿਤ ਇਸ ਯਾਤਰਾ ਦੇ ਜ਼ਰੀਏ, ਇਹ ਯਕੀਨੀ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਗਈ ਹੈ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਦੇਸ਼ ਦੇ ਹਰ ਕੋਨੇ ਵਿੱਚ 100% ਮੁਕੰਮਲ ਹੋ ਸਕੇ। ਇਹ ਯਾਤਰਾ ਵਿਆਪਕ ਪਹੁੰਚ ਬਣਾਉਣ ਦੇ ਨਾਲ-ਨਾਲ ਜਾਣਕਾਰੀ ਦਾ ਪ੍ਰਸਾਰ ਕਰਨ ਅਤੇ ਨਾਗਰਿਕਾਂ ਨੂੰ ਦੇਸ਼ ਦੇ ਵਿਕਾਸ ਵਿੱਚ ਸਰਗਰਮ ਹਿੱਸੇਦਾਰ ਬਣਨ ਲਈ ਸ਼ਕਤੀ ਪ੍ਰਦਾਨ ਕਰਕੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।