ਸੀ. ਜੇ. ਐਮ ਅਪਰਾਜਿਤਾ ਜੋਸ਼ੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
ਵੱਲੋਂ ਮੁਕੇਰੀਆਂ ਵਿਖੇ ਸੈਮੀਨਾਰ
ਹੁਸ਼ਿਆਰਪੁਰ, 30 ਜਨਵਰੀ: ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ
ਸੇਵਾਵਾਂ ਅਥਾਰਟੀ ਦਿਲਬਾਗ ਸਿੰਘ
ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
ਅਪਰਾਜਿਤਾ ਜੋਸ਼ੀ ਵੱਲੋਂ ਸਬ ਡਵੀਜਨ ਮੁਕੇਰੀਆਂ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਵਿਖੇ ਕੰਮ ਵਾਲੀ ਥਾਂ 'ਤੇ ਔਰਤਾਂ ਦੇ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਣ)
ਐਕਟ-2013 ਬਾਰੇ ਸਕੂਲ ਦੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਕਿ ਜੇਕਰ ਕਿਸੇ ਵੀ
ਔਰਤ ਨਾਲ ਕੋਈ ਸੋਸ਼ਣ ਜਾਂ ਛੇੜ-ਛਾੜ ਕਰਦਾ ਹੈ ਜਾਂ ਮਰਿਆਦਾ ਦੀ ਉਲੰਘਣਾ ਕਰਕੇ ਉਸ ਨਾਲ ਗਲਤ
ਵਿਵਹਾਰ ਕਰਦਾ ਹੈ, ਤਾਂ ਔਰਤ ਨੂੰ ਇਹ ਅਧਿਕਾਰ ਹੈ ਕਿ ਇਸ ਐਕਟ ਦੇ ਅਧੀਨ ਸਮੱਸਿਆ ਨੂੰ ਹੱਲ
ਕਰਵਾ ਸਕਦੀ ਹੈ। ਇਸ ਲਈ ਹਰ ਔਰਤ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ। ਇਸ ਮੌਕੇ ਸਿਵਲ ਜੱਜ
ਸੀਨੀਅਰ ਡਵੀਜ਼ਨ-ਕਮ-ਚੈਅਰਮੇਨ ਉਪ ਮੰਡਲ ਕਾਨੂੰਨੀ ਸੇਵਾਵਾ ਕਮੇਟੀ ਮੁਕੇਰੀਆਂ ਅਮਰਦੀਪ ਸਿੰਘ
ਬੈਂਸ ਵੀ ਮੌਜੂਦ ਸਨ। ਇਸ ਮੌਕੇ ਰਿਟੇਨਰ ਐਡਵੋਕੇਟ ਵਰੁਣ ਵਾਲੀਆ ਅਤੇ ਬ੍ਰਿਜ ਬਾਲਾ ਐਡਵੋਕੇਟ,
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਪਵਨ ਕੁਮਾਰ ਤੋਂ ਇਲਾਵਾ ਸਕੂਲ ਦਾ ਸਟਾਫ ਅਤੇ
ਵਿਦਿਆਰਥੀ ਹਾਜ਼ਰ ਸਨ।
ਇਸ ਤੋ ਇਲਾਵਾ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ
ਵੱਲੋਂ ਸਬ ਡਵੀਜ਼ਨਾਂ ਦਸੂਹਾ ਅਤੇ ਮੁਕੇਰੀਆਂ ਵਿਖੇ ਫਰੰਟ ਆਫਿਸਾਂ ਦਾ ਅਚਨਚੇਤ ਦੌਰਾ ਕੀਤਾ
ਗਿਆ। ਇਸ ਮੌਕੇ ਵਧੀਕ ਸਿਵਲ ਜੱਜ-ਕਮ-ਚੇਅਰਮੈਨ ਅਮਰਦੀਪ ਸਿੰਘ ਬੈਂਸ, ਉਪ ਮੰਡਲ ਕਾਨੂੰਨੀ
ਸੇਵਾਵਾ ਕਮੇਟੀ ਮੁਕੇਰੀਆਂ ਅਤੇ ਪਰਮਿੰਦਰ ਕੌਰ ਬੈਂਸ ਵਧੀਕ ਸਿਵਲ ਜੱਜ-ਕਮ-ਚੇਅਰਮੈਨ, ਉਪ
ਮੰਡਲ ਕਾਨੂੰਨੀ ਸੇਵਾਵਾ ਕਮੇਟੀ ਦਸੂਹਾ ਵੀ ਮੌਜੂਦ ਸਨ। ਇਸ ਦੌਰਾਨ ਫਰੰਟ ਆਫਿਸਾਂ ਦੇ ਰਿਟੇਨਰ
ਐਡਵੋਕੇਟਾਂ ਦੇ ਕੰਮਕਾਜ਼ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਪੈਨਲ ਦੇ ਵਕੀਲਾਂ ਨਾਲ ਮੀਟਿੰਗ
ਕੀਤੀ ਗਈ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਪ੍ਰੋਸੀਡਿੰਗ ਕਾਰਡ ਮੇਨਟੇਨ ਰੱਖਣ ਲਈ ਕਿਹਾ ਗਿਆ।
ਜਿਨ੍ਹਾਂ ਕੇਸਾਂ ਵਿਚ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਉਨ੍ਹਾਂ ਕੇਸਾਂ ਦੇ
ਫੀਡਬੈਕ ਪ੍ਰੋਫਾਰਮੇ ਭਰਨ ਲਈ ਫਰੰਟ ਆਫਿਸ ਦੇ ਪੀ.ਐਲ.ਵੀ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਮੁਫਤ ਕਾਨੂੰਨੀ ਸੇਵਾਵਾ ਤੋਂ ਇਲਾਵਾ 9 ਮਾਰਚ 2024 ਨੂੰ ਜ਼ਿਲ੍ਹਾ ਪੱਧਰ ਅਤੇ ਸਬ ਡਵੀਜਨ ਪੱਧਰ
'ਤੇ ਕਚਹਿਰੀਆਂ ਵਿਖੇ ਲਗਾਈ ਜਾਣ ਵਾਲੀ ਰਾਸ਼ਟਰੀ ਲੋਕ ਅਦਾਲਤ ਦੇ ਬਾਰੇ ਵੀ ਦੱਸਿਆ ਗਿਆ।