ਨਵਾਂਸ਼ਹਿਰ, 30 ਜਨਵਰੀ- ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਆਪਣੀ ਜਾਨਾਂ ਵਾਰਨ ਵਾਲੇ
ਸੁਤੰਤਰਤਾ ਸੰਗਰਾਮੀਆਂ ਨੂੰ ਅੱਜ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਡਿਪਟੀ
ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ
ਬਰਸੀ ਨੂੰ ਸਮਰਪਿਤ ਇਸ ਦਿਵਸ 'ਤੇ ਹਰ ਉਸ ਆਜ਼ਾਦੀ ਘੁਲਾਟੀਏ ਦੀ ਯਾਦ 'ਚ ਮੌਨ ਧਾਰਿਆ
ਜਾਂਦਾ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਆਪਣਾ ਬਲੀਦਾਨ ਦਿੱਤਾ।
ਉਨ੍ਹਾਂ ਕਿਹਾ ਕਿ ਸਮੁੱਚਾ ਰਾਸ਼ਟਰ ਅਤੇ ਭਾਰਤੀ ਆਪਣੇ ਉਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ
ਦੇ ਹਮੇਸ਼ਾਂ ਰਿਣੀ ਰਹਿਣਗੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਗੁਲਾਮੀ
ਦੇ ਜੂਲੇ 'ਚੋਂ ਬਾਹਰ ਕੱਢ ਕੇ, ਭਾਰਤੀਆਂ ਨੂੰ ਗੌਰਵਸ਼ਾਲੀ ਜ਼ਿੰਦਗੀ ਜਿਊਣ ਦਾ ਅਵਸਰ
ਮੁਹੱਈਆ ਕਰਵਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਦਿਨ ਸਾਨੂੰ ਰਾਸ਼ਟਰ ਪਿਤਾ ਮਹਾਤਮਾ
ਗਾਂਧੀ ਜੀ ਅਤੇ ਦੇਸ਼ ਦੇ
ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਰੱਖਣ ਅਤੇ ਆਪਣੇ ਦਿਲਾਂ 'ਚ ਉਨ੍ਹਾਂ ਪ੍ਰਤੀ ਸਨਮਾਨ
ਰੱਖਣ ਦੀ ਪ੍ਰੇਰਨਾ ਦਿੰਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।