ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਲਹਿਰਾਉਣਗੇ 26 ਜਨਵਰੀ ਨੂੰ ਕੌਮੀ ਝੰਡਾ
ਨਵਾਂਸ਼ਹਿਰ, 24 ਜਨਵਰੀ : ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਵਿਖੇ 26 ਜਨਵਰੀ ਨੂੰ ਮਨਾਏ ਜਾ ਰਹੇ ਦੇਸ਼ ਦੇ 75ਵੇਂ ਗਣਤੰਤਰ ਦਿਹਾੜੇ ਨੂੰ ਲੈ ਕੇ ਅੱਜ ਜ਼ਿਲ੍ਹਾ ਪੁਲਿਸ ਅਤੇ ਸਕੂਲੀ ਬੱਚਿਆਂ ਵੱਲੋਂ ਫੁੱਲ ਡਰੈੱਸ ਰੀਹਰਸਲ ਕੀਤੀ ਗਈ, ਜਿਸ ਦਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਐਸ ਪੀ ਡਾ. ਅਖਿਲ ਚੌਧਰੀ ਨੇ ਜਾਇਜ਼ਾ ਲਿਆ।
ਜ਼ਿਲ੍ਹਾ ਪੱਧਰੀ ਗਣਤੰਤਰ ਦਿਹਾੜਾ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਰੀਹਰਸਲ ਤੋਂ ਤੁਰੰਤ ਬਾਅਦ ਡੀ.ਆਈ.ਜੀ. ਸਟੇਟ ਸਾਈਬਰ ਕਰਾਈਮ ਨੀਲਾਂਬਰੀ ਜਗਦਲੇ ਵੱਲੋਂ ਵੀ ਆਈ ਟੀ ਆਈ ਗਰਾਊਂਡ ਦਾ ਦੌਰਾ ਕੀਤਾ ਗਿਆ ਅਤੇ ਡੀ ਸੀ ਰੰਧਾਵਾ ਤੇ ਐਸ ਐਸ ਪੀ ਡਾ. ਅਖਿਲ ਚੌਧਰੀ ਨਾਲ ਦੌਰਾ ਵੀ ਕੀਤੀ ਗਈ।
ਫੁੱਲ ਡਰੈੱਸ ਰੀਹਰਸਲ ਦੌਰਾਨ ਕੀਤੀ ਗਈ ਪਰੇਡ, ਪੀ ਟੀ ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਜ਼ਿਲ੍ਹਾ ਪੁਲਿਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਵੱਲੋਂ ਇਸ ਕੌਮੀ ਦਿਹਾੜੇ ਲਈ ਪਿਛਲੇ ਕਈ ਦਿਨਾਂ ਤੋਂ ਸਕੂਲ ਪੱਧਰ 'ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਫੁੱਲਣ ਡਰੈੱਸ ਰੀਹਸਰਲ ਦੌਰਾਨ ਦਿਖਾਇਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੂੰ ਸਲਾਹੁੰਦਿਆਂ ਨਜ਼ਰ ਆਈਆਂ ਕੁੱਝ ਕਮੀਆਂ-ਪੇਸ਼ੀਆਂ ਨੂੰ ਕਲ੍ਹ ਆਪੋ-ਆਪਣੇ ਸਕੂਲਾਂ 'ਚ ਇੱਕ ਹੋਰ ਰੀਹਰਸਲ ਕਰਕੇ ਦੂਰ ਕਰਨ ਲਈ ਆਖਿਆ।
ਡਿਪਟੀ ਕਮਿਸ਼ਨਰ ਰੰਧਾਵਾ ਨੇ ਐਸ ਐਸ ਪੀ ਡਾ. ਅਖਿਲ ਚੌਧਰੀ ਦੇ ਨਾਲ ਪਰੇਡ ਦਾ ਮੁਆਇਨਾ ਵੀ ਕੀਤਾ ਅਤੇ ਡੀ ਐਸ ਪੀ ਸ਼ਹਿਵਾਜ ਦੀ ਅਗਵਾਈ 'ਚ ਕੀਤੇ ਗਏ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 26 ਜਨਵਰੀ ਨੂੰ ਮੁੱਖ ਮਹਿਮਾਨ ਖਟਕੜ ਕਲਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਬਾਅਦ ਆਈ ਟੀ ਆਈ ਗਰਾਊਂਡ 'ਚ ਸਵੇਰੇ ਸਹੀ 10 ਵਜੇ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਹੁੰਮ-ਹੁੰਮਾ ਕੇ ਸਮਾਗਮ 'ਚ ਪੁੱਜਣ ਦੀ ਅਪੀਲ ਕੀਤੀ।
ਐਸ ਐਸ ਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਆਈ ਟੀ ਆਈ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਸੰਪੂਰਣ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਗੇਟ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਸੁਰੱਖਿਆ ਸਬੰਧੀ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਇਸ ਮੌਕੇ ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮ ਡਾ. ਅਕਸ਼ਿਤਾ ਗੁਪਤਾ, ਸਹਾਇਕ ਕਮਿਸ਼ਨਰ ਜਨਰਲ ਡਾ. ਗੁਰਨੀਲ ਕੌਰ, ਏ ਡੀ ਸੀ (ਵਿਕਾਸ) ਸਾਗਰ ਸੇਤੀਆ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਮੌਜੂਦ ਸਨ।