ਕਿਸਾਨ ਭਰਾਵੋ, ਬੀਜ ਵਾਲੇ ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਓ : ਡਾ. ਮਨਿੰਦਰ ਸਿੰਘ ਬੌਂਸ

ਨਵਾਂਸ਼ਹਿਰ, 12 ਜਨਵਰੀ - ਪਿਛੇਤਾ ਝੁਲਸ ਰੋਗ ਆਲੂਆਂ ਦੀ ਇੱਕ ਗੰਭੀਰ ਸਮੱਸਿਆ ਹੈ।
ਜੇਕਰ ਇਸ ਦਾ ਹੱਲਾ ਆਲੂਆਂ ਦੀ
ਫਸਲ ਤੇ ਸ਼ੁਰੂ ਹੋ ਜਾਵੇ ਤਾਂ ਅਨੁਕੂਲ ਮੌਸਮ ਦੌਰਾਨ ਇਸ ਦਾ ਵਾਧਾ ਬਹੁਤ ਹੁੰਦਾ ਹੈ ਜਿਸ ਕਰਕੇ
ਆਲੂਆਂ ਦੇ ਝਾੜ ਤੇ ਮਾੜਾ ਅਸਰ ਪੈ ਜਾਂਦਾ ਹੈ। ਇਸ ਰੋਗ ਦੇ ਹਮਲੇ ਨਾਲ ਪੱਤਿਆਂ ਦੇ ਕਿਨਾਰਿਆਂ
ਤੇ ਪਾਣੀ ਭਿੱਜੇ ਗੂੜ੍ਹੇ ਭੂਰੇ ਰੰਗ ਦੇ ਧੱਬੇ (ਚੱਟਾਖ) ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ
ਕਾਲੇ ਹੋ ਜਾਂਦੇ ਹਨ ਅਤੇ ਸਵੇਰ ਵੇਲੇ ਵੇਖਣ ਤੇ ਪੱਤਿਆਂ ਦੇ ਹੇਠਲੇ ਪਾਸੇ ਚਿੱਟੀ ਰੂੰ ਵਰਗੀ
ਉੱਲੀ ਵੀ ਨਜ਼ਰ ਆਉਂਦੀ ਹੈ। ਜਿਆਦਾ ਅਨੁਕੂਲ ਮੌਸਮ (10-20 ਡਿਗਰੀ ਸੈਟੀਂਗ੍ਰੇਡ ਤਾਪਮਾਨ, 90
ਪ੍ਰਤੀਸ਼ਤ ਤੋਂ ਵੱਧ ਨਮੀਂ ਅਤੇ ਰੁੱਕ-ਰੁੱਕ ਕੇ ਬਾਰਿਸ਼ ਪੈਣਾ) ਦੌਰਾਨ ਇਹ ਰੋਗ ਬਹੁਤ ਤੇਜੀ
ਨਾਲ ਫੈਲਦਾ ਹੈ ਅਤੇ ਅਜਿਹੇ ਮੌਸਮ ਵਿੱਚ 7-10 ਦਿਨ੍ਹਾਂ ਦੇ ਵਿੱਚ ਹੀ ਫਸਲ ਤਬਾਹ ਕਰ ਦਿੰਦਾ
ਹੈ ਜਿਸ ਕਰਕੇ ਖੇਤ ਦੂਰੋਂ ਹੀ ਝੁਲਸੇ ਹੋਏ ਨਜ਼ਰ ਆਉਂਦੇ ਹਨ।
ਇਹ ਜਾਣਕਾਰੀ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗੀ
ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ ਨੇ ਦਿੰਦਿਆਂ ਦੱਸਿਆ ਕਿ ਨਵੰਬਰ ਮਹੀਨੇ ਮੀਂਹ
ਪੈਣ ਕਰਕੇ ਮੌਸਮ ਇਸ ਰੋਗ ਦੇ ਹਮਲੇ ਅਤੇ ਵਾਧੇ ਲਈ ਅਨੁਕੂਲ ਹੋ ਗਿਆ ਸੀ ਅਤੇ ਇਸ ਦਾ ਹਮਲਾ
ਨਵੰਬਰ ਦੇ ਦੂਜੇ ਪੰਦਰਵਾੜੇ ਲੁਧਿਆਣੇ ਜ਼ਿਲ੍ਹੇ ਦੇ ਸਮਰਾਲੇ ਨੇੜੇ ਲੱਗਦੇ ਪਿੰਡਾਂ ਹੇੜੀਆਂ,
ਬਹਿਲੋਲਪੁਰ, ਬਰਮਾ, ਸਹਿਜੋ ਮਾਜਰਾ ਅਤੇ ਬਾਅਦ ਵਿੱਚ ਹੁਸ਼ਿਆਰਪੁਰ, ਪਟਿਆਲਾ, ਰੋਪੜ, ਸ਼ਹੀਦ
ਭਗਤ ਸਿੰਘ ਨਗਰ ਦੇ ਕਈ ਪਿੰਡਾਂ ਵਿੱਚ ਵੇਖਿਆ ਗਿਆ। ਆਲੂਆਂ ਦੀ ਫਸਲ ਤੇ ਹਮਲੇ ਤੋਂ ਬਾਅਦ ਇਹ
ਰੋਗ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਟਮਾਟਰਾਂ ਦੀ ਫਸਲ ਤੇ ਗੰਭੀਰ ਰੂਪ ਧਾਰਨ ਕਰ ਗਿਆ
ਸੀ। ਜਿਹੜੇ ਕਿਸਾਨ ਵੀਰਾਂ ਨੇ ਸਮੇਂ ਸਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ
ਮੁਤਾਬਿਕ ਛਿੜਕਾਅ ਕੀਤੇ ਉਨ੍ਹਾਂ ਦੀ ਫਸਲ ਇਸ ਰੋਗ ਤੋਂ ਬੱਚ ਗਈ ਹੈ। ਪਰ ਇਸ ਦੇ ਉਲਟ
ਜਿਨ੍ਹਾਂ ਕਿਸਾਨਾਂ ਨੇ ਸਮੇਂ ਸਿਰ ਇਸ ਰੋਗ ਦੀ ਰੋਕਥਾਮ ਨਹੀਂ ਕੀਤੀ ਉੱਥੇ ਇਸ ਰੋਗ ਦਾ ਹਮਲਾ
ਜਿਆਦਾ ਵੇਖਣ ਨੂੰ ਮਿਲਿਆ।
ਕਿਸਾਨ ਵੀਰੋ, ਜਨਵਰੀ ਮਹੀਨੇ ਦਾ ਮੌਸਮ ਵੀ ਇਸ ਰੋਗ ਦੇ ਅਨੁਕੂਲ ਚੱਲ ਰਿਹਾ ਹੈ ਅਤੇ ਆਉਂਦੇ
ਦਿਨ੍ਹਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਇਸ ਰੋਗ ਦੀ ਉੱਲੀ ਦੇ ਬੀਜਾਣੂੰ ਮੀਂਹ ਪੈਣ
ਨਾਲ ਪੱਤਿਆਂ ਅਤੇ ਤਣੇ ਤੋਂ ਝੜ ਕੇ ਜ਼ਮੀਨ ਵਿੱਚ ਰਲ ਜਾਂਦੇ ਹਨ, ਜੋ ਧਰਤੀ ਵਿਚਲੇ ਨਵੇਂ ਬਣ
ਰਹੇ ਆਲੂਆਂ ਤੇ ਬੇਢੰਗੇ ਭੂਰੇ ਰੰਗ ਦੇ ਧੱਬੇ ਬਣਾ ਦਿੰਦੇ ਹਨ।ਇਸੇ ਤਰ੍ਹਾਂ ਹੀ ਆਉਂਦੇ
ਦਿਨ੍ਹਾਂ ਵਿੱਚ ਮੌਸਮ ਨਿੱਘਾ ਹੋਣ ਤੇ ਤੇਲੇ ਦੀ ਆਮਦ ਵੱਧਣ ਦੀ ਸੰਭਾਵਨਾ ਬਣ ਜਾਂਦੀ ਹੈ ਜਿਸ
ਨਾਲ ਵਿਸ਼ਾਣੂੰ ਰੋਗ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਆਲੂਆਂ ਦੇ ਵਿਸ਼ਾਣੂੰ ਰੋਗ ਵੀ ਪੱਤਿਆਂ
ਰਾਹੀਂ ਜ਼ਮੀਨ ਵਿੱਚ ਹੇਠਾਂ ਬਣ ਰਹੇ ਆਲੂਆਂ ਤੇ ਚਲੇ ਜਾਂਦੇ ਹਨ।ਪੁਟਾਈ ਤੋਂ ਬਾਅਦ ਇਹ ਰੋਗੀ
ਆਲੂ ਸਿਹਤਮੰਦ ਆਲੂਆਂ ਨਾਲ ਹੀ ਗੁਦਾਮਾਂ ਵਿੱਚ ਰੱਖ ਦਿੱਤੇ ਜਾਂਦੇ ਹਨ ਅਤੇ ਅਗਲੀ ਫਸਲ ਵਾਸਤੇ
ਰੋਗ ਲਗਾਉਣ ਦਾ ਮੁੱਖ ਕਾਰਨ ਬਣਦੇ ਹਨ। ਇਸ ਸਮੇਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ
ਕਿ ਉਹ ਬੀਜ ਵਾਲੀ ਫਸਲ ਦੀਆਂ ਵੇਲਾਂ ਸਮੇਂ ਸਿਰ ਕੱਟ ਲੈਣ। ਜਿਹੜੇ ਖੇਤਾਂ ਵਿੱਚ ਝੁਲਸ ਰੋਗ
ਦਾ ਹਮਲਾ ਹੋਇਆ ਹੈ ਉਸ ਖੇਤ ਦੀਆਂ ਵੇਲਾਂ ਖੇਤ ਵਿੱਚੋਂ ਬਾਹਰ ਕੱਢ ਦੇਣ ਤਾਂ ਜੋ ਇਹ ਰੋਗ
ਜ਼ਮੀਨ ਹੇਠਾਂ ਪਏ ਆਲੂਆਂ ਤੇ ਨਾ ਪਹੁੰਚ ਸਕੇ।
ਹੁਸ਼ਿਆਰਪੁਰ, ਕਪੂਰਥਲਾ ਅਤੇ ਜਲੰਧਰ ਦੇ ਕਈ ਕਿਸਾਨ ਵੀਰ ਬਹਾਰ ਰੁੱਤ ਵਾਲੇ ਆਲੂਆਂ ਦੀ ਕਾਸ਼ਤ
ਕਰਦੇ ਹਨ। ਬਹਾਰ ਰੁੱਤ ਦੀ ਫਸਲ ਤੇ ਇਹ ਬਿਮਾਰੀ ਪਹਿਲਾਂ ਲੱਗੀ ਫਸਲ (ਮੁੱਖ ਸਮੇਂ ਦੀ ਫਸਲ)
ਤੋਂ ਆ ਜਾਂਦੀ ਹੈ ਜਿਸ ਕਾਰਨ ਕਰੂੰਬਲਾਂ ਮਰ ਜਾਂਦੀਆਂ ਹਨ, ਤਣੇ ਤੇ ਭੂਰੀਆਂ ਧਾਰੀਆਂ ਪੈ
ਜਾਂਦੀਆਂ ਹਨ ਅਤੇ ਛੋਟੀ ਉਮਰ ਦੇ ਬੂਟੇ ਜਲਦੀ ਮਰ ਜਾਂਦੇ ਹਨ। ਬਹਾਰ ਰੁੱਤ ਦੇ ਆਲੂਆਂ ਨੂੰ ਇਸ
ਰੋਗ ਤੋਂ ਬਚਾਉਣ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਸਿਰ
ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਝੁਲਸ ਰੋਗ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ
ਫਸਲ ਤੇ ਸਿਸਟੈਮਿਕ ਉੱਲੀਨਾਸ਼ਕਾਂ ਜਿਵੇਂ ਕਿ 700 ਗ੍ਰਾਮ ਮਿਲੋਡੀ ਡਿਊ ਜਾਂ ਰਿਡੋਮਿਲ ਗੋਲਡ
ਜਾਂ ਕਰਜ਼ੇਟ ਐਮ-8 ਜਾਂ ਸੈਕਟਿਨ ਜਾਂ 250 ਮਿ.ਲਿ. ਰੀਵਸ ਜਾਂ 200 ਮਿ.ਲਿ ਈਕੂਏਸ਼ਣ ਪ੍ਰੋ ਨੂੰ
250 ਤੋਂ 350 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 10 ਦਿਨ੍ਹਾਂ ਦੇ ਵਕਫੇ ਤੇ
ਦੋ ਛਿੜਕਾਅ ਕਰਨ ਤਾਂ ਜੋ ਇਸ ਰੋਗ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ।
ਇਸ ਰੋਗ ਦਾ ਹਮਲਾ ਆਲੂਆਂ ਤੋਂ ਇਲਾਵਾ ਨੈੱਟ/ਪੌਲੀਹਾਊਸ ਵਿੱਚ ਲੱਗੀ ਟਮਾਟਰਾਂ ਦੀ ਫਸਲ ਤੇ ਵੀ
ਹੋ ਸਕਦਾ ਹੈ। ਟਮਾਟਰਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰ ਸਮੇਂ ਸਿਰ ਛਿੜਕਾਅ ਕਰਕੇ ਆਪਣੀ
ਟਮਾਟਰਾਂ ਦੀ ਫਸਲ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ। ਆਲੂਆਂ ਦੇ ਬੀਜ ਉਤਪਾਦਕ ਵੀਰਾਂ ਨੂੰ
ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬੀਜ ਵਾਲੇ ਆਲੂਆਂ ਨੂੰ ਗੋਦਾਮਾਂ ਵਿੱਚ ਰੱਖਣ ਤੋਂ ਪਹਿਲਾਂ
ਇਨ੍ਹਾਂ ਰੋਗਾਂ ਨਾਲ ਪ੍ਰਭਾਵਿਤ ਆਲੂਆਂ ਨੂੰ ਛਾਂਟ ਕੇ ਨਸ਼ਟ ਕਰ ਦੇਣ। ਇਸ ਤਰ੍ਹਾਂ ਕਰਨ ਨਾਲ
ਬੀਜ ਰਾਹੀਂ ਫੈਲਣ ਵਾਲੀਆਂ ਇਹ ਬਿਮਾਰੀਆਂ ਨੂੰ ਅੱਗੋ ਨਵੇਂ ਖੇਤਾਂ ਜਾਂ ਖੇਤਰਾਂ ਚ' ਫੈਲ਼ਣ
ਤੋਂ ਰੋਕਿਆ ਜਾ ਸਕਦਾ ਹੈ।