ਨਵਾਂਸ਼ਹਿਰ, 9 ਜਨਵਰੀ - ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ
ਫੌਜਦਾਰੀ ਜਾਬਤਾ ਸੰਘਤਾ 1973 (1974
ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆ ਹੋਇਆ ਸ਼ਹਿਰ ਨਵਾਂਸ਼ਹਿਰ
ਵਿਚੋਂ ਸਮਾਂ ਸਵੇਰੇ 07:00 ਵਜੇ ਤੋਂ ਰਾਤ 09:00 ਵਜੇ ਤੱਕ ਓਵਰਲੋਡਡ ਹੈਵੀ ਵਾਹਨਾਂ
(ਬੱਜਰੀ, ਸੀਮਿੰਟ, ਰੇਤ, ਮਿੱਟੀ, ਸਰੀਆ, ਓਵਰਲੋਡਡ ਤੂੜੀ/ਫੱਕ ਵਾਲੀਆਂ ਟਰਾਲੀਆਂ/ਟਰੱਕ,
ਕਮਰਸ਼ੀਅਲ ਤੌਰ ਤੇ ਜਾਣ ਵਾਲਾ ਸਮਾਨ ਆਦਿ) ਨੂੰ ਲੰਘਣ/ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ
ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਹੈ ਕਿ ਜ਼ਿਲ੍ਹੇ ਵਿੱਚੋਂ ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ ਤੋਂ
ਰੋਜ਼ਾਨਾ ਦਿਨ ਅਤੇ ਰਾਤ ਸਮੇਂ ਓਵਰਲੋਡਡ ਵਾਹਨਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।ਜਿਸ
ਕਾਰਨ ਸਵੇਰ ਸਮੇਂ ਸਕੂਲ ਜਾ ਰਹੇ ਬੱਚਿਆਂ ਅਤੇ ਦਫ਼ਤਰ ਜਾ ਰਹੇ ਮੁਲਾਜਮਾ/ਪ੍ਰਾਈਵੇਟ ਵਿਅਕਤੀਆਂ
ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਰੋਜ਼ਾਨਾ ਕੋਈ ਨਾ ਕੋਈ ਵੱਡਾ ਹਾਦਸਾ
ਵਾਪਰ ਜਾਂਦਾ ਹੈ। ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ ਅਤੇ ਟ੍ਰੈਫਿਕ ਸਮੱਸਿਆ
ਬਣੀ ਰਹਿੰਦੀ ਹੈ। ਇਸ ਲਈ ਰੋਜ਼ਾਨਾ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਲਈ, ਪਬਲਿਕ ਦੇ ਜਾਨ ਤੇ
ਮਾਲ ਨੂੰ ਨੁਕਸਾਨ ਤੋਂ ਬਚਾਉਣ ਅਤੇ ਸ਼ਹਿਰ ਵਿੱਚ ਟ੍ਰੈਫਿਕ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ
ਚਲਾਉਣ ਲਈ ਉਕਤ ਹੁਕਮ ਲਾਗੂ ਕੀਤਾ ਗਿਆ ਹੈ। ਇਹ ਹੁਕਮ 7 ਮਾਰਚ 2024 ਤੱਕ ਲਾਗੂ ਰਹੇਗਾ।