ਬਲਬੇੜਾ ਦੇ ਜਨ ਸੁਵਿਧਾ ਕੈਂਪ ਦਾ ਲੋਕਾਂ ਨੇ ਲਿਆ ਲਾਭ, ਮੌਕੇ 'ਤੇ ਪ੍ਰਾਪਤ ਕੀਤੀਆਂ ਸਰਕਾਰੀ ਸੇਵਾਵਾਂ

-ਏ.ਡੀ.ਸੀ. ਡਾ. ਹਰਜਿੰਦਰ ਸਿੰਘ ਬੇਦੀ ਤੇ ਐਸ.ਡੀ.ਐਮ. ਅਰਵਿੰਦ ਕੁਮਾਰ ਨੇ ਲੋਕਾਂ ਨੂੰ ਦੱਸੀਆਂ ਲੋਕ ਭਲਾਈ ਸਕੀਮਾਂ
-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤੱਕ ਪੁੱਜੀ
ਬਲਬੇੜਾ/ਪਟਿਆਲਾ, 18 ਜੁਲਾਈ:ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤੱਕ ਪੁੱਜੀ ਹੈ। ਹਲਕਾ ਸਨੌਰ ਦੇ ਪਿੰਡ ਬਲਬੇੜਾ ਦੇ ਡੇਰਾ ਬਾਬਾ ਬਖ਼ਤਾ ਰਾਮ ਵਿਖੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਲਗਾਏ ਜਨ ਸੁਵਿਧਾ ਕੈਂਪ ਦਾ ਜਾਇਜ਼ਾ ਲੈਣ ਮੌਕੇ ਏ.ਡੀ.ਸੀ. ਡਾ. ਬੇਦੀ ਨੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਤ ਕੀਤਾ। ਐਸ.ਡੀ.ਐਮ. ਪਟਿਆਲਾ ਅਰਵਿੰਦ ਕੁਮਾਰ ਵੀ ਉਨ੍ਹਾਂ ਦੇ ਨਾਲ ਸਨ।
ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਵਿਸ਼ੇਸ਼ ਪਹਿਲਕਦਮੀ ਤਹਿਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਖ਼ੁਦ ਚੱਲਕੇ ਲੋਕਾਂ ਦੇ ਘਰਾਂ ਦੇ ਨੇੜੇ ਪੁੱਜਦੇ ਹਨ ਅਤੇ ਸਰਕਾਰੀ ਸਕੀਮਾਂ ਦਾ ਲਾਭ ਮੌਕੇ 'ਤੇ ਹੀ ਲਾਭਪਾਤਰੀਆਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਮੌਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਮੌਕੇ 'ਤੇ ਹੀ ਨਿਪਟਾਰਾ ਕੀਤਾ। ਉਨ੍ਹਾਂ ਨੇ ਇਸ ਮੌਕੇ ਬਲਬੇੜਾ ਵਿਖੇ 300 ਬੂਟੇ ਲਗਾਉਣ ਦੀ ਸ਼ੁਰੂਆਤ ਵੀ ਕਰਵਾਈ।
ਇਸ ਮੌਕੇ ਬਲਬੇੜਾ, ਅਲੀਪੁਰ ਜੱਟਾਂ, ਸੱਸਾ ਗੁੱਜਰਾਂ, ਮਰਦਾਂਹੇੜੀ ਆਦਿ ਪਿੰਡਾਂ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਗਏ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਜਨ ਸੁਵਿਧਾ ਕੈਂਪ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਲੋਕਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੰਮਾਂ ਲਈ ਹੁਣ ਦੂਰ ਸ਼ਹਿਰ ਵਿੱਚ ਨਹੀਂ ਜਾਣਾ ਪੈਂਦਾ ਤੇ ਉਨ੍ਹਾਂ ਦੇ ਜਰੂਰੀ ਪ੍ਰਸ਼ਾਸਨਿਕ ਕੰਮ ਪਿੰਡ ਵਿੱਚ ਹੀ ਅਜਿਹੇ ਕੈਂਪਾਂ ਜਰੀਏ ਹੋ ਜਾਂਦੇ ਹਨ।
ਇਸ ਜਨ ਸੁਵਿਧਾ ਕੈਂਪ ਦੌਰਾਨ ਰਾਸ਼ਨ ਕਾਰਡ ਵਿੱਚ ਆਪਣੇ ਪਰਿਵਾਰਕ ਜੀਆਂ ਦੇ ਨਾਮ ਜੋੜਨ ਲਈ ਦਰਖਾਸਤਾਂ ਸਮੇਤ ਆਧਾਰ ਕਾਰਡ ਵਿੱਚ ਆਪਣੇ ਨਾਮ ਠੀਕ ਕਰਵਾਉਣ ਤੋਂ ਇਲਾਵਾ ਸਮਾਜਿਕ ਸੁਰੱਖਿਆ ਪੈਨਸ਼ਨਾਂ, ਵੱਖ-ਵੱਖ ਮੁਸ਼ਕਿਲਾਂ ਦੇ ਨਿਪਟਾਰੇ ਲਈ ਦਰਖਾਸਤਾਂ, ਸਿਹਤ ਵਿਭਾਗ ਵੱਲੋਂ ਮਰੀਜਾਂ ਦਾ ਚੈਕਅਪ ਤੇ ਮੁਫ਼ਤ ਦਵਾਈਆਂ, ਕਿਰਤ ਵਿਭਾਗ ਦੀ ਲਾਲ ਕਾਪੀ, ਖੇਤੀਬਾੜੀ, ਦਿਹਾਤੀ ਵਿਕਾਸ, ਮਾਲ ਵਿਭਾਗ ਦੇ ਜਮੀਨੀ ਰਿਕਾਰਡ ਨਾਲ ਸਬੰਧਤ ਕੰਮ, ਜਾਤੀ ਤੇ ਰਿਹਾਇਸ਼ੀ ਸਰਟੀਫਿਕੇਟ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਵਾ ਕੇ ਪੈਨਸ਼ਨ ਲਗਵਾਉਣ ਸਬੰਧੀ ਲੋਕਾਂ ਨੇ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ।
ਇਸ ਮੌਕੇ ਬੀ.ਡੀ.ਪੀ.ਓ. ਤੇਜਿੰਦਰਪਾਲ ਸਿੰਘ, ਤਹਿਸੀਲ ਭਲਾਈ ਅਫ਼ਸਰ ਕੁਲਵਿੰਦਰ ਕੌਰ, ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਨੁਮਾਇੰਦੇ ਡਾ. ਕਰਮ ਸਿੰਘ ਰਾਜਗੜ੍ਹ, ਕੁਲਵੰਤ ਸਿੰਘ, ਹਰਜੀਤ ਸਿੰਘ, ਬਬਲੀ ਧਿਮਾਨ, ਪੰਚਾਇਤ ਸਕੱਤਰ ਹਰਜਿੰਦਰ ਸਿੰਘ ਸਮੇਤ ਵਸਨੀਕ ਵੀ ਮੌਜੂਦ ਸਨ।