ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 18 ਈ.ਸੀ.ਆਰ. ਦੇਸਾਂ ਲਈ ਪ੍ਰੀ ਡਿਪਾਰਚਰ ਓਰੀਏਨਟੇਸ਼ਨ ਪ੍ਰੋਗਰਾਮ ਸ਼ੁਰੂ

 ਪਟਿਆਲਾ, 20 ਜੁਲਾਈ:ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ  ਵੱਲੋਂ ਮਨਿਸਟਰੀ ਆਫ਼ ਐਕਸਟਰਨਲ ਅਫੇਅਰਜ਼ ਪ੍ਰੋਟੈਕਟੋਰੇਟ ਆਫ਼ ਇਮੀਗਰੇਂਟਸ ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ 18 ਈ.ਸੀ.ਆਰ.ਦੇਸ਼ਾਂ (ਅਫ਼ਗ਼ਾਨਿਸਤਾਨ, ਬਹਿਰੀਨ, ਕੁਵੈਤ, ਇੰਡੋਨੇਸ਼ੀਆ, ਇਰਾਕ, ਜਾਰਡਨ, ਲੇਬਨਾਨ, ਲਿਬੀਆ, ਮਲੇਸ਼ੀਆ, ਓਮਾਨ, ਕਤਰ, ਸੁਡਾਨ, ਸਾਊਥ ਸੁਡਾਨ, ਸੀਰੀਆ, ਸਾਉਦੀ ਅਰਬ, ਯੂ.ਏ.ਈ., ਥਾਈਲੈਂਡ ਅਤੇ ਯਮਨ) ਦੇਸ਼ਾਂ ਵਿਚ ਜਾਣ ਵਾਲੇ ਭਾਰਤੀਆਂ ਲਈ ਪ੍ਰੀ ਡਿਪਾਰਚਰ ਓਰੀਏਨਟੇਸ਼ਨ ਟਰੇਨਿੰਗ (ਪੀ.ਡੀ.ਓ.ਟੀ) ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
            ਇਸ ਪ੍ਰੋਗਰਾਮ ਦਾ ਮਕਸਦ ਇਹਨਾਂ 18 ਈ.ਸੀ.ਆਰ ਦੇਸ਼ਾਂ ਵਿਚ ਜਾਣ ਵਾਲੇ ਭਾਰਤੀ ਇਮੀਗਰੇਂਟਸ ਨੂੰ ਇਮੀਗਰੇਸ਼ਨ ਪ੍ਰੋਸੈੱਸ, ਉਹਨਾਂ ਦੇ ਅਧਿਕਾਰ, ਜ਼ਿੰਮੇਵਾਰੀਆਂ ਅਤੇ ਇਹਨਾਂ ਦੇਸ਼ਾਂ ਦੀਆ ਸਭਿਅਤਾ ਅਤੇ ਨਿਯਮਾਂ ਬਾਰੇ ਜਾਣਕਾਰੀ ਦੇਣਾ ਹੈ, ਤਾਂ ਜੋ ਇਹਨਾਂ ਦੇਸ਼ਾਂ ਵਿਚ ਜਾਣ ਵਾਲੇ ਭਾਰਤੀਆਂ ਦੀ ਸੁਰੱਖਿਅਤ ਅਤੇ ਕਾਨੂੰਨੀ ਮਾਈਗਰੇਸ਼ਨ ਯਕੀਨੀ ਬਣ ਸਕੇ।
            ਪਟਿਆਲਾ ਜ਼ਿਲ੍ਹੇ ਦਾ ਕੋਈ ਵੀ ਵਾਸੀ ਜੋ ਇਹਨਾਂ 18 ਈ.ਸੀ.ਆਰ ਦੇਸ਼ਾਂ ਵਿਚ ਕੰਮ ਕਰਨ ਲਈ ਜਾ ਰਿਹਾ ਹੈ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਮਿੰਨੀ ਸਕੱਤਰੇਤ, ਨੇੜੇ ਸੁਵਿਧਾ ਕੇਂਦਰ, ਪਟਿਆਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ 5 ਵਜੇ ਤੱਕ ਜਾ ਕੇ ਪ੍ਰੀ ਡਿਪਾਰਚਰ ਓਰੀਏਨਟੇਸ਼ਨ ਟਰੇਨਿੰਗ ਪ੍ਰੋਗਰਾਮ ਵਿਚ ਭਾਗ ਲੈ ਕੇ ਇਸ ਸਬੰਧੀ ਸਰਟੀਫਿਕੇਟ ਹਾਸਲ ਕਰੇ। ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵੱਲੋਂ ਇਹ ਟ੍ਰੇਨਿੰਗ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।