ਮਹੰਤ ਰੇਸ਼ਮ ਸਿੰਘ ਨੂੰ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਪਟਿਆਲਾ ਦਾ ਮੋਹਤਮਿਮ ਚੁਣਿਆ

-ਸਰਵ ਭਾਰਤ ਨਿਰਮਲ ਮਹਾਂ ਮੰਡਲ ਦੇ ਪ੍ਰਧਾਨ ਮਹੰਤ ਸੰਤੋਖ ਸਿੰਘ ਪਾਲਕੀ ਵਾਲਿਆਂ ਦੀ ਪ੍ਰਧਾਨਗੀ ਹੇਠ ਨਿਰਮਲ ਭੇਖ ਦੇ ਸੰਤਾਂ ਮਹੰਤਾਂ ਨੇ ਕੀਤਾ ਆਮ ਇਜਲਾਸ
-ਮਾਨਵਤਾ ਦੇ ਭਲੇ ਤੇ ਵਾਤਾਵਰਣ ਦੀ ਸ਼ੁਧਤਾ ਲਈ ਉਪਰਾਲੇ ਹਮੇਸ਼ਾ ਹੀ ਕਰਦਾ ਰਹਾਂਗਾ-ਮਹੰਤ ਰੇਸ਼ਮ ਸਿੰਘ
ਪਟਿਆਲਾ, 20 ਜੁਲਾਈ : ਨਿਰਮਲ ਭੇਖ ਦੇ ਸੰਤਾਂ ਮਹੰਤਾਂ ਵੱਲੋਂ ਇੱਥੇ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਤੋਪਖਾਨਾ ਮੋੜ ਵਿਖੇ ਸਰਵ ਭਾਰਤ ਨਿਰਮਲ ਮਹਾਂ ਮੰਡਲ ਅੰਮ੍ਰਿਤਸਰ ਦੇ ਪ੍ਰਧਾਨ ਮਹੰਤ ਸੰਤੋਖ ਸਿੰਘ ਪਾਲਕੀ ਵਾਲਿਆਂ ਦੀ ਪ੍ਰਧਾਨਗੀ ਹੇਠ ਇੱਕ ਇਕੱਠ ਆਮ ਇਜਲਾਸ ਕਰਕੇ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਨਾਲ ਸਬੰਧਿਤ ਜ਼ਾਇਦਾਦਾਂ ਦੇ ਮੋਹਤਮਿਮ ਬਾਰੇ ਵਿਚਾਰ ਕੀਤਾ ਗਿਆ। ਇਸ ਬੈਠਕ ਦੌਰਾਨ ਨਿਰਮਲ ਭੇਖ ਦੀ ਮਰਿਆਦਾ ਮੁਤਾਬਕ ਸਰਬ ਸੰਮਤੀ ਨਾਲ ਮਹੰਤ ਰੇਸ਼ਮ ਸਿੰਘ ਚੇਲਾ ਮਹੰਤ ਭਗਵਾਨ ਸਿੰਘ ਨੂੰ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਦਾ ਮੋਹਤਮਿਮ ਦੇ ਪਦ ਲਈ ਚੋਣ ਕਰਕੇ ਦਸਤਾਰਬੰਦੀ ਅਤੇ ਮਤੇ ਦੇ ਰੂਪ ਵਿੱਚ ਬਹੀ ਦੀ ਲਿਖਤ ਦੀ ਰਸਮ ਕੀਤੀ ਗਈ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮੋਹਤਮਿਮ ਦੇ ਪਦ ਦੀ ਚੋਣ ਲਈ ਅਰਦਾਸ ਕੀਤੀ ਗਈ। 
ਮੋਹਤਮਿਮ ਵਜੋਂ ਚੁਣੇ ਸ੍ਰੀਮਹੰਤ ਰੇਸ਼ਮ ਸਿੰਘ ਨੇ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਦਾ ਪ੍ਰਬੰਧ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਮਾਨਵਤਾ ਦੇ ਭਲੇ ਅਤੇ ਵਾਤਾਵਰਣ ਦੀ ਸ਼ੁਧਤਾ ਲਈ ਉਪਰਾਲੇ ਕਰਦੇ ਰਹਿਣਗੇ।ਇਸ ਦੌਰਾਨ ਵਿਸ਼ੇਸ਼ ਤੌਰ ਉਤੇ ਪੁੱਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਹਾਜ਼ਰੀ ਭਰੀ ਅਤੇ ਨਵੇਂ ਚੁਣੇ ਮਹੰਤ ਰੇਸ਼ਮ ਸਿੰਘ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਵੱਲੋਂ ਚਲਾਏ ਨਿਰਮਲ ਪੰਥ ਦੀ ਸੇਵਾ ਲਈ ਵਧਾਈ ਦਿੱਤੀ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਵਿੱਤ ਕਮਿਸ਼ਨਰ ਮਾਲ ਵੱਲੋਂ ਮਿਤੀ 4 ਜੁਲਈ 2024 ਦੇ ਹੁਕਮਾਂ ਅਨੁਸਾਰ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਨਾਲ ਸਬੰਧਿਤ ਜ਼ਾਇਦਾਦਾਂ ਦੇ ਮੋਹਤਮਿਮ ਦੀ ਅਸਾਮੀ ਨੂੰ ਖਾਲੀ ਕਰਾਰ ਦਿੱਤਾ ਗਿਆ ਸੀ। 
ਮੋਹਤਮਿਮ ਦੀ ਨਵੀਂ ਨਿਯੁਕਤੀ ਲਈ ਕੀਤੇ ਆਮ ਇਜਲਾਸ ਦੌਰਾਨ ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲੇ ਨਿਰਮਲੇ ਤਪੋਬਨ, ਜਨਰਲ ਸਕੱਤਰ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਮਹੰਤ ਬਿਕਰਮਜੀਤ ਸਿੰਘ ਨੰਗਲ, ਮਹੰਤ ਮਹਾਂਵੀਰ ਸਿੰਘ, ਮਹੰਤ ਜੀਤ ਸਿੰਘ ਚੌਹਲਾ, ਮਹੰਤ ਚਮਕੌਰ ਸਿੰਘ ਪੰਜਗਰਾਈਂ, ਮਹੰਤ ਕਸ਼ਮੀਰ ਸਿੰਘ ਮੁਕਤਸਰ, ਮਹੰਤ ਜਗਰੂਪ ਸਿੰਘ ਬੁਗਰ, ਮਹੰਤ ਸੁਖਪ੍ਰੀਤ ਸਿੰਘ ਰਾਜੇਆਣਾ, ਮਹੰਤ ਜਸਪਾਲ ਸਿੰਘ, ਮਹੰਤ ਸੁੰਦਰਦਾਸ ਪੰਜਗਰਾਈਂ, ਮਹੰਤ ਅਮਨਦੀਪ ਸਿੰਘ ਉਘੋ, ਮਹੰਤ ਭੁਪਿੰਦਰ ਸਿੰਘ ਕੋਟਭਾਈ, ਮਹੰਤ ਪ੍ਰਭਜੋਤ ਸਿੰਘ ਮਹਿਰਾਜ, ਮਹੰਤ ਬਲਜਿੰਦਰ ਸਿੰਘ ਕਾਉਂਕੇ ਕਲਾਂ, ਮਹੰਤ ਅਮਰਿੰਦਰ ਸਿੰਘ, ਮਹੰਤ ਗੁਰਮੁਖ ਸਿੰਘ, ਮਹੰਤ ਤਰਲੋਚਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਿਰਮਲ ਭੇਖ ਨਾਲ ਸਬੰਧਿਤ ਸੰਤ ਮਹੰਤ ਹਾਜ਼ਰ ਸਨ।ਸਰਕਾਰ ਵੱਲੋਂ ਮੌਕੇ ਉਤੇ ਤਾਇਨਾਤ ਕੀਤੇ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਮਨਮੋਹਨ ਅਤੇ ਹਲਕਾ ਪਟਵਾਰੀ ਕਰਮਪਾਲ ਸਿੰਘ ਵੀ ਮੌਜੂਦ ਰਹੇ।