ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾਵੇ
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵੱਲੋਂ ਸਿਹਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
ਵੈਕਟਰ ਬੌਰਨ ਅਤੇ ਵਾਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ
ਨਵਾਂਸ਼ਹਿਰ, 18 ਜੁਲਾਈ :- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਵੈਕਟਰ ਬੌਰਨ ਅਤੇ ਵਾਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਸਿਹਤ ਵਿਭਾਗ ਤੋਂ ਇਲਾਵਾ ਨਗਰ ਕੌਂਸਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਸਿੱਖਿਆ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਜੀਵ ਵਰਮਾ ਨੇ ਮੀਟਿੰਗ ਵਿਚ ਸਿਹਤ ਅਧਿਕਾਰੀਆਂ ਸਮੇਤ ਵੱਖ-ਵੱਖ ਵਿਭਾਗਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਡੇਂਗੂ ਨੂੰ ਸ਼ੁਰੂ ਵਿੱਚ ਹੀ ਕਾਬੂ ਵਿੱਚ ਰੱਖਣ ਲਈ ਸਮੇਂ ਸਿਰ ਰੋਕਥਾਮ 'ਤੇ ਜ਼ੋਰ ਦਿੱਤਾ ਜਾਵੇ। ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਸਮੇਤ ਸਮੂਹ ਭਾਈਵਾਲ ਵਿਭਾਗਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਜ਼ਿਲ੍ਹੇ ਵਿਚ ਹੁਣ ਤੱਕ ਡੇਂਗੂ ਦਾ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ ਹੈ, ਪਰ ਫਿਰ ਵੀ ਸਿਹਤ ਵਿਭਾਗ ਸਮੇਤ ਸਾਰੇ ਸਹਿਯੋਗੀ ਵਿਭਾਗਾਂ ਨੂੰ ਹੋਰ ਚੌਕਸ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਹਦਾਇਤ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਨਿਰੰਤਰ ਸਰਵੇਖਣ, ਜਾਂਚ ਤੇ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾਣ। ਹਫ਼ਤੇ ਦੇ ਹਰ ਸ਼ੁੱਕਰਵਾਰ ਨੂੰ "ਹਰ ਸ਼ੁੱਕਰਵਾਰ-ਡੇਂਗੂ ਤੇ ਵਾਰ" ਮਨਾਇਆ ਜਾਵੇ, ਜਿਸ ਤਹਿਤ ਡੇਂਗੂ ਤੋਂ ਬਚਾਅ ਲਈ ਹਫ਼ਤੇ ਵਿਚ ਇਕ ਵਾਰ ਕੂਲਰਾਂ, ਫਰਿੱਜ਼ ਦੀ ਟਰੇਅ ਤੇ ਗਮਲਿਆਂ ਦੀ ਸਫਾਈ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ। ਇਸ ਤੋਂ ਇਲਾਵਾ ਘਰਾਂ ਦੀਆਂ ਛੱਤਾਂ ਉੱਤੇ ਪਏ ਕਬਾੜ ਦੇ ਸਮਾਨ, ਪੁਰਾਣੇ ਟਾਇਰਾਂ, ਡਿਸਪੋਜੇਬਲ ਕੱਪ, ਗਲਾਸ, ਪਲੇਟਾਂ ਆਦਿ ਵਿਚ ਪਾਣੀ ਇਕੱਤਰ ਨਾ ਹੋਣ ਦਿੱਤਾ ਜਾਵੇ, ਕਿਉਂਕਿ ਡੇਂਗੂ ਦਾ ਮੱਛਰ ਥੋੜ੍ਹੇ ਜਿਹੇ ਪਾਣੀ ਵਿਚ ਵੀ ਪਲ਼ ਸਕਦਾ ਹੈ।
ਉਨ੍ਹਾਂ ਕਿਹਾ ਕਿ ਡੇਂਗੂ ਦੇ ਮੱਦੇਨਜ਼ਰ ਅਗਲੇ ਕੁਝ ਮਹੀਨੇ ਬਹੁਤ ਮਹੱਤਵਪੂ੍ਰਰਨ ਹਨ, ਇਸ ਲਈ ਘਰ-ਘਰ ਜਾ ਕੇ ਲਾਰਵਾ ਚੈੱਕ ਕੀਤਾ ਜਾਵੇ। ਸ਼ਹਿਰਾਂ ਤੇ ਪਿੰਡਾਂ ਵਿਚ ਛੱਪੜਾਂ ਵਿਚ ਗੰਬੂਜੀਆ ਮੱਛੀਆਂ ਛੱਡੀਆਂ ਜਾਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਵੈਕਟਰ ਬੌਰਨ ਅਤੇ ਵਾਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਅਨਾਊਂਸਮੈਂਟ ਕਰਵਾਉਣੀ ਯਕੀਨੀ ਬਣਾਈ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਕੂਲਾਂ ਵਿਚ ਸਵੇਰ ਦੀ ਅਸੈਂਬਲੀ ਦੌਰਾਨ ਵਿਦਿਆਰਥੀਆਂ ਨੂੰ ਡੇਂਗੂ ਦੀ ਰੋਕਥਾਮ ਲਈ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਉਹ ਡੇਂਗੂ ਨੂੰ ਆਪਣੇ ਘਰਾਂ ਵਿਚ ਦਾਖਲ ਹੋਣ ਤੋਂ ਕਿੰਝ ਰੋਕ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਵੈਕਟਰ ਬੌਰਨ ਅਤੇ ਵਾਟਰ ਬੌਰਨ ਬਿਮਾਰੀਆਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਵਿਭਾਗਾਂ ਨਾਲ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਜਾਵੇ। ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲ ਦਾ ਨੁਮਇੰਦਾਂ ਅਤੇ ਪਿੰਡਾਂ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਨੁਮਾਇੰਦਾ ਲਾਜਮੀ ਸ਼ਾਮਿਲ ਕੀਤਾ ਜਾਵੇ, ਇਸ ਦੇ ਨਾਲ ਹੀ ਟੀਮਾਂ ਦੇ ਵਿੱਚ ਨਰਸਿੰਗ ਵਿਿਦਆਰਥੀ ਅਤੇ ਲੋਕਲ ਐਨ.ਜੀ.ਓ., ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ, ਵਿਲੇਜ ਹੈਲਥ ਸੈਨੀਟੇਸ਼ਨ ਕਮੇਟੀ ਦੇ ਮੈਬਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਇਹ ਟੀਮਾਂ ਹਾਟ ਸਪਾਟ/ਪ੍ਰਭਾਵਿਤ ਏਰੀਆਂ ਵਿੱਚ ਸਰਵੇ ਕਰਨਗੀਆ।
ਉਨ੍ਹਾਂ ਅੱਗੇ ਕਿਹਾ ਕਿ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾਵੇ ਅਤੇ ਪਾਣੀ ਉਬਾਲ ਕੇ ਪੀਣ, ਜਾਂ ਨਗਰ ਕੌਂਸਲਾਂ ਦੁਆਰਾ ਮੁਹੱਈਆ ਕਰਵਾਏ ਜਾਂਦੇ ਵਾਟਰ ਟੈਂਕਰਾਂ ਦੇ ਪਾਣੀ ਦੀ ਵਰਤੋਂ ਹੀ ਪੀਣ ਲਈ ਕੀਤੀ ਜਾਵੇ। ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਦੀ ਨਿਕਾਸੀ ਨਹੀਂ ਹੁੁੰਦੀ ਜਾਂ ਆਊਟਬ੍ਰੇਕ ਦੀ ਸੰਭਾਵਨਾ ਬਣਦੀ ਹੈ, ਉਸ ਖੇਤਰ ਵਿੱਚ ਸਬੰਧਤ ਵਿਭਾਗਾਂ ਵੱਲੋਂ ਆਪਸੀ ਤਾਲਮੇਲ ਕਰਕੇ ਪਾਣੀ ਦੀ ਸੈਪਲੰਿਗ ਕਰਵਾਈ ਜਾਵੇ। ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸੀਵਰੇਜ ਅਤੇ ਨਾਲੀਆਂ ਦੀ ਸਫਾਈ ਸਮੇਂ-ਸਮੇਂ ਸਿਰ ਕਰਵਾਈ ਜਾਵੇ ਤਾਂ ਜੋ ਪਾਣੀ ਦੀ ਬਲੌਕੇਜ ਨਾ ਹੋ ਸਕੇ।
ਸ਼੍ਰੀ ਵਰਮਾ ਨੇ ਮਿਊਂਸੀਪਲ ਕਮੇਟੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਜਿਹੜੇ ਘਰਾਂ/ਅਦਾਰਿਆਂ ਵਿਚੋਂ ਇਕ ਤੋਂ ਵੱਧ ਵਾਰ ਲਾਰਵਾ ਮਿਲਦਾ ਹੈ, ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇ। ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਫੋਗਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇ, ਜੇਕਰ ਫੋਗਿੰਗ ਮਸ਼ੀਨਾਂ ਖਰਾਬ ਹਨ ਤਾਂ ਉਨ੍ਹਾਂ ਨੂੰ ਸਮੇਂ ਸਿਰ ਰਿਪੇਅਰ ਕਰਵਾ ਲਿਆ ਜਾਵੇ। ਪੰਜਾਬ ਸਰਕਾਰ ਵਲੋਂ ਨਿਰਧਾਰਿਤ ਇੰਸੈਕਟੀਸਾਇਡ/ ਲਾਰਵੀਸਾਇਡ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਘਰ-ਘਰ ਸਰਵੇ ਸਮੇਂ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਸਹਿਯੋਗ ਜ਼ਰੂਰ ਦੇਣ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਹਰੇਕ ਹਫਤੇ ਕੂਲਰਾਂ, ਫਰਿੱਜਾਂ ਦੀਆਂ ਟਰੇਆਂ ਵਿਚੋਂ ਪਾਣੀ ਕੱਢਣ ਉਪਰੰਤ ਸੁੱਕਾ ਕੇ ਵਰਤੋਂ ਵਿਚ ਲਿਆਉਣ ਤੇ ਗਮਲਿਆਂ ਸਮੇਤ ਪੁਰਾਣੇ ਪਏ ਕਬਾੜ, ਟਾਇਰ ਆਦਿ ਅਤੇ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਤਰ ਨਾ ਹੋਣ ਦੇਣ ਤਾਂ ਜੋ ਡੇਂਗੂ ਦਾ ਮੱਛਰ ਨਾ ਪਣਪ ਸਕੇ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਡੇਂਗੂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਪੂਰਾ ਸਰੀਰ ਢੱਕਿਆ ਹੋਵੇ ਤਾਂ ਜੋ ਮੱਛਰ ਨਾ ਕੱਟ ਸਕੇ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਜ਼ਿਲ੍ਹਾ ਐਪੀਡੀਮੋਲੋਜਿਸਟ ਸ਼ਿਆਮਾਬੇਦਾ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹੈਲਥ ਇੰਸਪੈਕਟਰ ਰਾਜੀਵ ਕੁਮਾਰ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।