ਯੂ ਕੇ ਵਾਸੀ ਮਾਤਾ ਮਨਜੀਤ ਕੌਰ ਵੱਲੋਂ ਲੋਕ ਸੇਵਕ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਨੂੰ ਆਪਣੀ ਸਾਰੀ ਜਾਇਦਾਦ ਦਾਨ

ਯੂ ਕੇ ਵਾਸੀ ਮਾਤਾ ਮਨਜੀਤ ਕੌਰ ਵੱਲੋਂ ਲੋਕ ਸੇਵਕ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਨੂੰ ਆਪਣੀ ਸਾਰੀ ਜਾਇਦਾਦ ਦਾਨ
ਬੰਗਾ, 01 ਮਾਰਚ () ਸਮਾਜ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਯੂ ਕੇ ਵਾਸੀ ਮਾਤਾ ਮਨਜੀਤ ਕੌਰ ਪਤਨੀ ਸਵ: ਸ. ਕਿਸ਼ਨ ਸਿੰਘ ਢਿੱਲਣ  ਵੱਲੋਂ ਆਪਣੀ ਸਾਰੀ ਜਾਇਦਾਦ ਦਾਨ ਕੀਤੇ ਜਾਣ ਦਾ ਸਮਾਚਾਰ ਹੈ । ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਮਾਤਾ ਮਨਜੀਤ ਕੌਰ ਨੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਨਾਲ ਆ ਕੇ  ਆਪਣੀ ਸਾਰੀ ਜਾਇਦਾਦ ਦੀ ਵਸੀਅਤ ਦੇ ਦਸਤਾਵੇਜ਼, ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਭੇਟ ਕੀਤੇ । ਇਸ ਮੌਕੇ ਮਾਤਾ ਜੀ ਨੇ ਕਿਹਾ ਕਿ ਉਹਨਾਂ ਦੀ ਮਾਲਕੀ ਵਾਲੀ ਸਾਰੀ ਜਾਇਦਾਦ, ਉਹਨਾਂ ਤੋਂ ਬਾਅਦ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਹੋਵੇਗੀ । ਉਹਨਾਂ ਢਾਹਾਂ ਕਲੇਰਾਂ ਵਿਖੇ ਚੱਲਦੇ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਵਿਚ ਮਿਲਦੀਆਂ ਵਧੀਆ ਸੇਵਾਵਾਂ ਦੀ ਸ਼ਲਾਘਾ ਕਰਦੇ ਖੁਸ਼ੀ ਪ੍ਰਗਟਾਈ ਕਿ ਉਹਨਾਂ ਦੀ ਸਾਰੀ ਜ਼ਮੀਨ-ਜਾਇਦਾਦ ਲੋਕ ਸੇਵਾ ਨੂੰ ਸਮਰਪਿਤ ਹੋ ਜਾਵੇਗੀ ਅਤੇ ਜਿਸ ਨਾਲ ਲੋੜਵੰਦਾਂ ਲੋਕਾਂ ਦਾ ਭਲਾ ਹੋਵੇਗਾ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਮਾਤਾ ਮਨਜੀਤ ਕੌਰ ਦਾ ਟਰੱਸਟ ਨੂੰ ਜਾਇਦਾਦ ਭੇਟ ਕਰਨ ਲਈ ਧੰਨਵਾਦ ਕੀਤਾ ਅਤੇ ਸਨਮਾਨਿਤ ਕੀਤਾ ।  ਡਾ. ਢਾਹਾਂ ਨੇ ਭਰੋਸਾ ਦਿਵਾਇਆ‍ ਕਿ ਉਹਨਾਂ ਦੀ ਕਿਰਤ ਕਮਾਈ ਲੋੜਵੰਦਾਂ ਦੀ ਭਲਾਈ ਲਈ ਹੀ ਵਰਤੀ ਜਾਵੇਗੀ । ਉਹਨਾਂ ਨੇ ਟਰੱਸਟ ਵਲੋਂ ਲੋਕ ਸੇਵਾ ਨੂੰ ਸਮਰਪਿਤ ਸੰਸਥਾਵਾਂ ਸਬੰਧੀ ਵੀ ਜਾਣਕਾਰੀ ਦਾਨੀਆਂ ਨੂੰ ਪ੍ਰਦਾਨ ਕੀਤੀ ।  ਇਸ ਮੌਕੇ ਸ. ਜੋਗਿੰਦਰ ਸਿੰਘ ਸਾਧੜਾ ਸੀਨੀਅਰ ਮੀਤ ਪ੍ਰਧਾਨ, ਬੀਬੀ ਬਲਵਿੰਦਰ ਕੌਰ ਕਲਸੀ ਖਜ਼ਾਨਚੀ, ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ,  ਸ. ਸਤਵੀਰ ਸਿੰਘ ਪੱਲੀ ਝਿੱਕੀ, ਸ. ਹਰਭਜਨ ਸਿੰਘ ਭਰੋਲੀ, ਸ. ਰਾਮ ਤੀਰਥ ਸਿੰਘ (ਭਤੀਜਾ ਮਾਤਾ ਮਨਜੀਤ ਕੌਰ), ਸ. ਜਸਵੀਰ ਸਿੰਘ ਪੱਲੀ ਝਿੱਕੀ ਐਨ ਆਰ ਆਈ, ਸਮਾਜ ਸੇਵਕ ਸ ਗੁਰਦੀਪ ਸਿੰਘ ਢਾਹਾਂ ਅਤੇ ਸ. ਨਰਿੰਦਰ ਸਿੰਘ ਕਲਸੀ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਮਾਤਾ ਮਨਜੀਤ ਕੌਰ ਜੀ ਲੰਬੇ ਸਮੇਂ ਤੋਂ ਟਰੱਸਟ ਦੇ ਪ੍ਰਮੁੱਖ ਸਹਿਯੋਗੀ ਹਨ ਅਤੇ ਵੱਖ-ਵੱਖ ਸੇਵਾ ਪ੍ਰੌਜੈਕਟਾਂ ਵਿਚ ਵੱਢਮੁਲਾ ਦਾਨ ਦੇ ਚੁੱਕੇ ਹਨ ।
ਫੋਟੋ ਕੈਪਸ਼ਨ : ਯੂ ਕੇ ਵਾਸੀ ਮਾਤਾ ਮਨਜੀਤ ਕੌਰ ਦਾ ਸਨਮਾਨ ਕਰਨ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਪਤਵੰਤੇ