-ਕੁੱਲ 14,30,17,528 ਰੁਪਏ ਦੇ ਅਵਾਰਡ ਕੀਤੇ ਗਏ ਪਾਸ
-ਕਈ ਸਾਲ ਪੁਰਾਣੇ ਕੇਸਾਂ ਦਾ ਰਾਜ਼ੀਨਾਮੇ ਰਾਹੀਂ ਕੀਤਾ ਗਿਆ ਨਿਬੇੜਾ
ਹੁਸ਼ਿਆਰਪੁਰ, 9 ਮਾਰਚ :ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ ਏ ਐਸ ਨਗਰ , ਮੁਹਾਲੀ ਦੇ ਮੈਂਬਰ ਸਕੱਤਰ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸਿ਼ਆਰਪੁਰ ਦਿਲਬਾਗ ਸਿੰਘ ਜੌਹਲ ਦੀ ਦੇਖ-ਰੇਖ ਹੇਠ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਾਲ 2024 ਦੀ ਪਹਿਲੀ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿਚ ਸਿਵਲ, ਰੈਂਟ, ਐਮ.ਏ.ਸੀ.ਟੀ, ਕ੍ਰਿਮੀਨਲ ਕੰਪਾਉਂਡੇਬਲ ਕੇਸ, ਟ੍ਰੈਫ਼ਿਕ ਚਲਾਨ, 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, ਪਰਿਵਾਰਿਕ ਮਾਮਲੇ, ਲੇਬਰ ਮਾਮਲੇ, ਮਿਉਂਸਪਲ ਕਾਰਪੋਰੇਸ਼ਨ ਕੇਸ, ਬੈਂਕ ਕੇਸ, ਟੈਲੀਕਾਮ ਕੰਪਨੀਆਂ ਅਤੇ ਰੈਵੀਨਿਊ ਆਦਿ ਦੇ ਕੇਸਾਂ ਦਾ ਨਿਪਟਾਰਾ ਕਰਵਾਉਣ ਲਈ ਹੁਸ਼ਿਆਰਪੁਰ ਵਿਖੇ 11, ਦਸੂਹਾ ਵਿਖੇ 4, ਗੜ੍ਹਸ਼ੰਕਰ ਤੇ ਮੁਕੇਰੀਆਂ ਵਿਖੇ 3-3 ਬੈਂਚਾਂ ਤੋਂ ਇਲਾਵਾ 6 ਰੈਵੀਨਿਊ ਬੈਂਚਾਂ ਦਾ ਗਠਨ ਕੀਤਾ ਗਿਆ। ਜ਼ਿਲ੍ਹਾ ਹੁਸਿ਼ਆਰਪੁਰ ਦੀ ਇਸ ਕੌਮੀ ਲੋਕ ਅਦਾਲਤ ਵਿਚ 18244 ਕੇਸਾਂ ਦੀ ਸੁਣਵਾਈ ਹੋਈ ਅਤੇ 15876 ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ ਅਤੇ ਕੁੱਲ 14,30,17,528 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਇਸ ਲੋਕ ਅਦਾਲਤ ਮੌਕੇ ਵਧੀਕ ਸਿਵਲ ਜੱਜ ਹੁਸ਼ਿਆਰਪੁਰ (ਸੀਨੀਅਰ ਡਵੀਜ਼ਨ) ਰੁਪਿੰਦਰ ਸਿੰਘ ਦੀ ਅਦਾਲਤ ਦੀਆਂ ਕੋਸ਼ਿਸ਼ਾਂ ਨਾਲ ਸਤਵੀਰ ਕੌਰ ਬਨਾਮ ਕਰਮ ਚੰਦ ਦੇ 2005 ਦੇ ਕੇਸ ਦਾ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ।ਇਸ ਤੋਂ ਇਲਾਵਾ ਇਕ ਹੋਰ ਕੈਨੇਰਾ ਬੈਂਕ ਬਨਾਮ ਹਰਪ੍ਰੀਤ ਸਿੰਘ ਐਂਡ ਐਨ ਆਰ ਦੇ ਕੇਸ ਦਾ ਨਿਪਟਾਰਾ ਕੀਤਾ ਗਿਆ।ਇਸ ਕੇਸ ਵਿਚ ਲੱਗਭਗ 12,00,000 ਰੁਪਏ ਦੀ ਰਾਸ਼ੀ ਦੇ ਪੈਸਿਆਂ ਦਾ ਝਗੜਾ ਸੀ ,ਜਿਸਦਾ ਨਿਪਟਾਰਾ ਦੋਵੇਂ ਧਿਰਾਂ ਦੇ ਸਮਝੌਤੇ ਰਾਹੀਂ ਕੀਤਾ ਗਿਆ।
ਇਸੇ ਤਰ੍ਹਾਂ ਸਿਵਲ ਜੱਜ (ਜ.ਡ)-ਕਮ- ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਹੁਸ਼ਿਆਰਪੁਰ ਰਿੰਕੀ ਅਗਨੀਹੋਤਰੀ ਦੀ ਅਦਾਲਤ ਦੇ ਯਤਨਾਂ ਨਾਲ ਪੰਜਾਬ ਗ੍ਰਾਮੀਣ ਬੈਂਕ ਬਾਗਪੁਰ ਬਨਾਮ ਚੰਪਾ ਨਾਮਕ ਪ੍ਰੀਲਿਟੀਗੇਟਿਵ ਕੇਸ ਨੂੰ ਸੁਣਿਆ ਗਿਆ। ਇਸ ਕੇਸ ਵਿਚ ਉੱਤਰਦਾਤਾ ਤੋਂ ਵਸੂਲੀ ਯੋਗ ਰਕਮ 31,334 ਰੁਪਏ ਸੀ।ਉੱਤਰਦਾਤਾ ਇਕ ਵਿਧਵਾ ਔਰਤ ਨੇ ਇਸ ਕਰਜ਼ੇ ਦੀ ਰਕਮ ਮੋੜਨ ਤੋਂ ਅਸਮਰੱਥਾ ਜ਼ਾਹਿਰ ਕੀਤੀ ਅਤੇ ਅਦਾਲਤ ਦੇ ਯਤਨਾਂ ਸਦਕਾ ਦਾਅਵੇਦਾਰ ਬੈਂਕ ਨੇ ਕਲੇਮ ਦੀ ਰਕਮ ਦਾ ਨਿਪਟਾਰਾ ਰਾਜ਼ੀਨਾਮੇ ਰਾਹੀ ਪੰਜ ਹਜ਼ਾਰ ਰੁਪਏ ਵਿਚ ਕੀਤਾ।
ਇਸ ਤੋਂ ਇਲਾਵਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹੁਸ਼ਿਆਰਪੁਰ ਪੁਸ਼ਪਾ ਰਾਣੀ ਦੀ ਅਦਾਲਤ ਦੇ ਯਤਨਾਂ ਨਾਲ ਪੰਜ ਸਾਲ ਪੁਰਾਣੇ ਬਿਸ਼ਨਦਾਸ ਰਾਹੀਂ ਐਲ.ਆਰਜ਼ ਕੁਲਦੀਪ ਕੁਮਾਰ ਅਤੇ ਹੋਰ ਬਨਾਮ ਮੋਹਨਜੀਤ ਕੌਰ ਦੇ ਐਗਜੀਕਿਊਸ਼ਨ ਦੇ ਕੇਸ ਦਾ ਦੋਵਾਂ ਧਿਰਾਂ ਦੇ ਰਾਜ਼ੀਨਾਮੇ ਰਾਹੀਂ ਨਿਪਟਾਰਾ ਕੀਤਾ ਗਿਆ।
ਉਪਰੋਕਤ ਤੋਂ ਇਲਾਵਾ ਇਸ ਨੈਸ਼ਨਲ ਲੋਕ ਅਦਾਲਤ ਦੇ ਮੌਕੇ ਵਧੀਕ ਸਿਵਲ ਜੱਜ (ਸ.ਡ) ਦਸੂਹਾ ਪਰਮਿੰਦਰ ਕੌਰ ਬੈਂਸ ਦੀੇ ਅਦਾਲਤ ਦੇ ਯਤਨਾਂ ਨਾਲ ਪੰਜ ਸਾਲ ਪੁਰਾਣੇ ਬਲਜੀਤ ਕੌਰ ਬਨਾਮ ਅਮਰਜੀਤ ਕੌਰ ਦੀ ਸਿਵਲ ਐਗਜੀਕਿਊਸ਼ਨ ਕਲੇਮ ਰਕਮ 3,00,000 ਦੇ ਕੇਸ ਦਾ ਆਪਸੀ ਸਮਝੌਤੇ ਨਾਲ ਨਿਪਟਾਰਾ ਕੀਤਾ ਗਿਆ।
ਇਸੇ ਤਰ੍ਹਾਂ ਵਧੀਕ ਸਿਵਲ ਜੱਜ (ਸ.ਡ) ਮੁਕੇਰੀਆਂ ਅਮਨਦੀਪ ਸਿੰਘ ਬੈਂਸ ਦੀੇ ਅਦਾਲਤ ਦੇ ਯਤਨਾਂ ਨਾਲ ਪੰਜ ਸਾਲ ਪੁਰਾਣਾ ਕੇਸ, ਜਿਸ ਦਾ ਟਾਈਟਲ ਪੰਜਾਬ ਨੈਸ਼ਨਲ ਬੈਂਕ ਬਨਾਮ ਐਮ.ਐਸ ਬ੍ਰਹਮ ਕਮਲ ਐਜੂਕੇਸ਼ਨ ਟਰੱਸਟ ਦੀ ਕਲੇਮ ਰਕਮ 30,40,000 ਸੀ, ਦਾ ਆਪਸੀ ਸਮਝੌਤੇ ਨਾਲ ਨਿਪਟਾਰਾ ਕੀਤਾ ਗਿਆ। ਸਿਵਲ ਜੱਜ (ਜ.ਡ) ਮੁਕੇਰੀਆਂ ਰਜਿੰਦਰ ਸਿੰਘ ਤੇਜੀ ਦੀੇ ਅਦਾਲਤ ਦੇ ਯਤਨਾਂ ਨਾਲ ਕਲੇਮ ਰਕਮ 2,70,000 ਦਾ ਆਪਸੀ ਸਮਝੌਤੇ ਨਾਲ ਨਿਪਟਾਰਾ ਕੀਤਾ ਗਿਆ।
ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸਿ਼ਆਰਪੁਰ ਦਿਲਬਾਗ ਸਿੰਘ ਜੌਹਲ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਇਨ੍ਹਾਂ ਲੋਕ ਅਦਾਲਤਾਂ ਰਾਹੀ ਕਰਵਾ ਕੇ ਲਾਭ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ ਅਤੇ ਇਨਾਂ ਲੋਕ ਅਦਾਲਤਾਂ ਦੇ ਫ਼ੈਸਲੇ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ। ਇਸ ਮੌਕੇ ਸੀ. ਜੇ. ਐਮ-ਸਕੱਤਰ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਅਤੇ ਹੋਰ ਨਿਆਇਕ ਅਧਿਕਾਰੀ ਹਾਜ਼ਰ ਸਨ।