Fwd: ਲੋਕ ਸਭਾ ਚੋਣਾਂ ਸਬੰਧੀ ਵੱਖ-ਵੱਖ ਪ੍ਰਵਾਨਗੀਆਂ ਲਈ ਸਿੰਗਲ ਵਿੰਡੋ ਪ੍ਰਣਾਲੀ ਸਥਾਪਿਤ

-ਲੋਕ ਸਭਾ ਚੋਣਾਂ ਸਬੰਧੀ ਵੱਖ-ਵੱਖ ਪ੍ਰਵਾਨਗੀਆਂ ਲਈ ਸਿੰਗਲ ਵਿੰਡੋ ਪ੍ਰਣਾਲੀ ਸਥਾਪਿਤ 
-ਪ੍ਰਵਾਨਗੀਆਂ ਸਬੰਧੀ ਨੋਡਲ ਅਫ਼ਸਰਾਂ ਅਤੇ  ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀ ਗਈ ਟ੍ਰੇਨਿੰਗ
ਹੁਸ਼ਿਆਰਪੁਰ, 22 ਮਾਰਚ : ਲੋਕ ਸਭਾ ਚੋਣਾਂ ਦੌਰਾਨ ਰਾਜਸੀ ਪਾਰਟੀਆਂ/ਉਮੀਦਵਾਰਾਂ ਨੂੰ ਚੋਣ ਪ੍ਰਚਾਰ ਸਬੰਧੀ ਵੱਖ-ਵੱਖ ਕਿਸਮਾਂ ਦੀਆਂ ਪ੍ਰਵਾਨਗੀਆਂ ਦੇਣ ਦੀ ਪ੍ਰੀਕਿਰਿਆ ਨੂੰ ਸੁਖਾਲ਼ਾ ਬਣਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਦੂਜੀ ਮੰਜ਼ਿਲ 'ਤੇ ਸਥਿਤ ਕਮਰਾ ਨੰਬਰ 210 (ਐਮ. ਏ ਬ੍ਰਾਂਚ) ਵਿਚ ਸਿੰਗਲ ਵਿੰਡ‌ੋ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਜ਼ਿਲ੍ਹਾ ਪੱਧਰੀ ਸਿੰਗਲ ਵਿੰਡੋ ਟੀਮ ਦੇ ਇੰਚਾਰਜ ਸਹਾਇਕ ਕਮਿਸ਼ਨਰ ਦਿਵਿਆ ਪੀ. (ਆਈ. ਏ. ਐਸ) ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਵਾਨਗੀਆਂ ਸਬੰਧੀ ਐੱਨ.ਓ.ਸੀ. ਲੈਣ ਦੀ ਪ੍ਰਕਿਰਿਆ ਨੂੰ ਸੁਖਾਲ਼ਾ ਬਣਾਉਣ ਲਈ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 26 ਅਧੀਨ ਜ਼ਿਲ੍ਹਾ ਪੱਧਰ ਅਤੇ ਹਲਕਾ ਪੱਧਰ 'ਤੇ ਸਿੰਗਲ ਵਿੰਡੋ ਪ੍ਰਣਾਲੀ ਸਥਾਪਿਤ ਕਰਕੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਪ੍ਰਵਾਨਗੀਆਂ ਸਬੰਧੀ ਨੋਡਲ ਅਫ਼ਸਰਾਂ ਅਤੇ  ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਨਲਾਈਨ ਪ੍ਰਵਾਨਗੀਆਂ ਬਾਰੇ ਟ੍ਰੇਨਿੰਗ ਦੇਣ ਮੌਕੇ ਉਨ੍ਹਾਂ ਦੱਸਿਆ ਕਿ ਇਸ ਟੀਮ ਵਿਚ ਸੁਪਰਡੈਂਟ ਡੀ.ਸੀ ਦਫ਼ਤਰ ਬਲਕਾਰ ਸਿੰਘ, ਦੀਪਕ ਤ੍ਰੇਹਨ, ਸੰਜੀਵ ਕੁਮਾਰ, ਅਨੰਦ ਸਿੰਘ, ਹਰਮੀਤ ਸਿੰਘ, ਗਗਨਦੀਪ, ਦੀਪਕ ਕੁਮਾਰ ਅਤੇ ਕੁਲਦੀਪ ਸਿੰਘ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਉਕਤ ਟੀਮ ਦੇ ਇੰਚਾਰਜ, ਉਮੀਦਵਾਰ/ਬਿਨੈਕਾਰ ਨੂੰ ਪ੍ਰਵਾਨਗੀਆਂ ਦੇਣ ਲਈ ਵੱਖ-ਵੱਖ ਕਮੇਟੀਆਂ ਦੇ ਨੋਡਲ ਅਫ਼ਸਰਾਂ ਨਾਲ ਤਾਲਮੇਲ ਕਰਕੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਵਾਉਣਗੇ ਅਤੇ ਸਿੰਗਲ ਵਿੰਡੋ ਰਾਹੀਂ ਪ੍ਰਵਾਨਗੀ ਜਾਰੀ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਦੱਸਿਆ ਕਿ ਸਮੂਹ ਨੋਡਲ ਅਫ਼ਸਰ ਜ਼ਿਲ੍ਹਾ ਪੱਧਰ 'ਤੇ ਸਥਾਪਿਤ ਸਿੰਗਲ ਵਿੰਡੋ ਟੀਮ ਨੂੰ ਆਪਣੇ-ਆਪਣੇ ਵਿਭਾਗ ਦਾ ਐੱਨ.ਓ.ਸੀ ਭੇਜਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਸਿੰਗਲ ਵਿੰਡੋ ਸਥਾਪਿਤ ਕਰਨ ਦੇ ਨਾਲ ਵਿਧਾਨ ਸਭਾ ਹਲਕਾ ਪੱਧਰ 'ਤੇ ਵੀ ਸਿੰਗਲ ਵਿੰਡੋ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਸਮੂਹ ਟੀਮ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਰਾਜਸੀ ਪਾਰਟੀਆਂ/ ਉਮੀਦਵਾਰਾਂ ਵੱਲੋਂ ਦਰਖ਼ਾਸਤ ਪ੍ਰਾਪਤ ਹੋਣ 'ਤੇ ਮਿਥੇ ਸਮੇਂ ਅੰਦਰ ਪ੍ਰਵਾਨਗੀ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੇਰੀ/ਦਰਖ਼ਾਸਤ ਦਾ ਨਿਪਟਾਰਾ ਸਮੇਂ ਸਿਰ ਨਾ ਹੋਣ ਦੀ ਸੂਰਤ ਵਿਚ ਸਬੰਧਿਤ ਅਧਿਕਾਰੀ/ਕਰਮਚਾਰੀ ਖ਼ਿਲਾਫ਼ ਚੋਣ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਜ਼ਿਲ੍ਹਾ ਇਨਫਾਰਮੈਟਿਕ ਅਫਸਰ ਪ੍ਰਦੀਪ ਸਿੰਘ, ਜ਼ਿਲ੍ਹਾ ਸਿਸਟਮ ਮੈਨੇਜਰ ਚਰਨ ਕੰਵਲ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ, ਹਰਪ੍ਰੀਤ ਕੌਰ ਤੇ ਲਖਵੀਰ ਸਿੰਘ ਤੋਂ ਇਲਾਵਾ ਵੱਖ-ਵੱਖ ਨੋਡਲ ਅਫਸਰ ਅਤੇ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।