Fwd: 6 Press Note and pics-=-=-=-ਮਾਨਯੋਗ ਜਸਟਿਸ ਅਰੁਣ ਪੱਲੀ ਵਲੋਂ ਬਾਬਾ ਬਕਾਲਾ ਸਾਹਿਬ ਸਿਵਲ ਕੋਰਟ ਦਾ ਨਿਰੀਖਣ

 ਜਸਟਿਸ ਅਰੁਣ ਪੱਲੀ ਵਲੋਂ ਬਾਬਾ ਬਕਾਲਾ ਸਾਹਿਬ ਸਿਵਲ ਕੋਰਟ ਦਾ ਨਿਰੀਖਣ

ਲੰਬਿਤ ਪਏ ਕੇਸਾਂ ਦੀ ਗਿਣਤੀ ਘੱਟ ਕਰਨ `ਤੇ ਦਿੱਤਾ ਜ਼ੋਰ

ਅੰਮ੍ਰਿਤਸਰ 14 ਮਾਰਚ -  ਜਸਟਿਸ ਅਰੁਣ ਪੱਲੀ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਜੋ ਕਿ ਅੰਮ੍ਰਿਤਸਰ ਸੈਸ਼ਨ ਡਵੀਜ਼ਨ ਦੇ ਪ੍ਰਬੰਧਕੀ ਜੱਜ ਵੀ ਹਨ ਨੇ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਜਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ ਨਾਲ ਸਿਵਲ ਕੋਰਟ ਕੰਪਲੈਕਸ ਬਾਬਾ ਬਕਾਲਾ ਸਾਹਿਬ ਦਾ ਦੌਰਾ ਕੀਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਵਧੀਕ ਸਿਵਲ ਜੱਜ, ਸੀਨੀਅਰ ਡਿਵੀਜ਼ਨ-ਕਮ-ਸਬ-ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਸ਼੍ਰੀਮਤੀ ਰਾਜਵਿੰਦਰ ਕੌਰ ਦੀ ਅਦਾਲਤ ਦਾ ਨਿਰੀਖਣ ਕੀਤਾ, ਜਿੱਥੇ ਕੁੱਲ 89 ਕੇਸ ਸੁਣਵਾਈ ਲਈ ਸੂਚੀਬੱਧ ਕੀਤੇ ਗਏ ਸਨ। ਉਕਤ ਅਦਾਲਤ ਦੇ ਅਦਾਲਤੀ ਕੰਮਕਾਜ ਦਾ ਨਿਰੀਖਣ ਕਰਨ ਉਪਰੰਤ ਮਾਣਯੋਗ ਜੱਜ ਨੇ ਸ. ਬਿਕਰਮਦੀਪ ਸਿੰਘ, ਸਿਵਲ ਜੱਜ, ਜੂਨੀਅਰ ਡਿਵੀਜ਼ਨ-ਕਮ-ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਅਤੇ ਰਿਕਾਰਡ ਰੂਮ ਦਾ ਨਿਰੀਖਣ ਕੀਤਾ।

ਇਸ ਤੋਂ ਬਾਅਦ ਮਾਣਯੋਗ ਜੱਜ ਨੇ ਵਕੀਲਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਿ਼ਕਾਇਤਾਂ ਸੁਣੀਆਂ ਅਤੇ ਅਦਾਲਤ ਦੇ ਸਬੰਧਤ ਪ੍ਰੀਜ਼ਾਈਡਿੰਗ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਦੀਆਂ ਸਿ਼ਕਾਇਤਾਂ ਦਾ ਨਿਪਟਾਰਾ ਕਰਨ ਅਤੇ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਨਾ ਯਕੀਨੀ ਬਣਾਉਣ। ਇਸ ਤੋਂ ਬਾਅਦ ਮਾਣਯੋਗ ਜੱਜ ਬਾਰ ਐਸੋਸੀਏਸ਼ਨ ਦੇ ਦਫ਼ਤਰ ਵੀ ਗਏ, ਜਿੱਥੇ ਐਸੋਸੀਏਸ਼ਨ ਦੇ ਪ੍ਰਧਾਨ ਸ਼. ਗੁਰਇਕਬਾਲ ਸਿੰਘ ਐਡਵੋਕੇਟ ਨੇ ਮਾਣਯੋਗ ਜੱਜ ਸਾਹਿਬਾਨ ਨੂੰ ਜੀ ਆਇਆਂ ਕਿਹਾ। ਉਨਾਂ ਇੱਥੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਿ਼ਕਾਇਤਾਂ ਸੁਣੀਆਂ। ਇਸ ਮੌਕੇ ਬਾਰ ਐਸੋਸੀਏਸ਼ਨ ਵਲੋਂ ਮਾਣਯੋਗ ਜੱਜ ਸਾਹਿਬਾਨ ਨੂੰ ਸਨਮਾਨਿਤ ਵੀ ਕੀਤਾ ਗਿਆ।

 ਉਨ੍ਹਾਂ ਨੇ ਅਦਾਲਤ ਦੇ ਅਹਾਤੇ ਵਿੱਚ ਸਥਾਪਿਤ ਫਰੰਟ ਆਫਿਸ-ਕਮ-ਲੀਗਲ ਏਡ ਕਲੀਨਿਕ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਕਾਨੂੰਨੀ ਸਹਾਇਤਾ ਪੈਨਲ ਦੇ ਵਕੀਲਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਈ ਵੀ ਪੀੜ੍ਹਤ ਵਿਅਕਤੀ ਕਾਨੂੰਨੀ ਸਹਾਇਤਾ ਤੋਂ ਬਿਨਾਂ ਨਾ ਰਹੇ। ਬਾਬਾ ਬਕਾਲਾ ਸਾਹਿਬ ਦੀਆਂ ਅਦਾਲਤਾਂ ਜਿਥੇ ਕਿ ਕੁੱਲ 4511 ਕੇਸ ਲੰਬਿਤ ਹਨ ਵਿੱਚੋਂ 2436 ਕੇਸ ਵਧੀਕ ਸਿਵਲ ਜੱਜ ਸ਼੍ਰੀਮਤੀ ਰਾਜਵਿੰਦਰ ਕੌਰ ਦੀ ਅਦਾਲਤ ਵਿੱਚ ਅਤੇ 2075 ਕੇਸ ਸਿਵਲ ਜੱਜ ਸ੍ਰੀ ਬਿਕਰਮਦੀਪ ਸਿੰਘ ਦੀ ਅਦਾਲਤ ਵਿੱਚ ਹਨ। ਉਨ੍ਹਾਂ ਨੇ ਜੱਜ ਸਾਹਿਬਾਨ ਨੂੰ ਸਖ਼ਤ ਮਿਹਨਤ ਨਾਲ ਅਦਾਲਤਾਂ ਵਿੱਚ ਵੱਧ ਸਮਾਂ ਦੇ ਕੇ ਲੰਬਿਤ ਪਏ ਕੇਸਾਂ ਦੀ ਗਿਣਤੀ  ਘਟਾਉਣ ਲਈ ਹਦਾਇਤ ਵੀ ਕੀਤੀ। ਉਨ੍ਹਾਂ ਨੇ ਅਦਾਲਤ ਦੇ ਸਬੰਧਤ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਮਾਰਤ ਨੂੰ ਸਾਫ਼-ਸੁਥਰਾ ਰੱਖਿਆ ਜਾਵੇ ਅਤੇ ਵਕੀਲਾਂ, ਜਨਤਾ ਅਤੇ ਵਕੀਲਾਂ ਨੂੰ ਦੋਸਤਾਨਾ ਅਤੇ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਨਿਆਂ ਦੇ ਨਿਪਟਾਰੇ ਵਿੱਚ ਕੋਈ ਰੁਕਾਵਟ ਨਾ ਆਵੇ ਅਤੇ ਲੋਕਾਂ ਦਾ ਭਰੋਸਾ ਬਣਿਆ ਰਹੇ।

ਇਸ ਮੌਕੇ ਉਨਾਂ ਦੀ ਧਰਮ ਪਤਨੀ, ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਸ੍ਰੀ ਰਵਿੰਦਰ ਸਿੰਘ ਅਰੋੜਾ, ਐਸ.ਪੀ. ਹੈੱਡ ਕੁਆਟਰ ਸ੍ਰੀ ਹੰਸ ਰਾਜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਕੈਪਸ਼ਨ : ਮਾਨਯੋਗ ਜਸਟਿਸ ਅਰੁਣ ਪੱਲੀ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਜਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ ਸਿਵਲ ਕੋਰਟ ਕੰਪਲੈਕਸ ਬਾਬਾ ਬਕਾਲਾ ਸਾਹਿਬ ਦਾ ਦੌਰਾ ਕਰਦੇ ਹੋਏ।