Fwd: Punjabi & Hindi--------ਕੈਬਨਿਟ ਮੰਤਰੀ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਬੱਸਾਂ ਨੂੰ ਕੀਤਾ ਰਵਾਨਾ


ਸ੍ਰੀ ਗੁਰੂ ਰਵਿਦਾਸ ਜੀ ਨੇ ਸਮੁੱਚੀ ਮਾਨਵਤਾ ਦੀ ਭਲਾਈ ਤੇ ਸਮਾਜ ਦੇ ਸਾਰੇ ਵਰਗਾਂ ਦੀ ਬਰਾਬਰੀ ਦਾ ਦਿੱਤਾ ਸੰਦੇਸ਼
ਹੁਸ਼ਿਆਰਪੁਰ, 12 ਮਾਰਚ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੂਰੇ ਸੂਬੇ ਵਿਚ ਸ਼ਰਧਾਲੂਆਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਕਰਵਾ ਰਹੀ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਆਪਣੇ ਤੀਰਥ ਸਥਾਨਾਂ 'ਤੇ ਜਾਣ ਦਾ ਮੌਕਾ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਮਨ ਦੀ ਇੱਛਾ ਨੂੰ ਪੰਜਾਬ ਸਰਕਾਰ ਨੇ ਪੂਰਾ ਕੀਤਾ ਹੈ। ਉਹ ਹੁਸ਼ਿਆਰਪੁਰ ਤੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਤਪ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਦੀਆਂ ਬੱਸਾਂ ਨੂੰ ਰਵਾਨਾ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਸੰਦੀਪ ਚੇਚੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਦਰਸ਼ਨਾਂ ਲਈ ਇਲਾਕੇ ਦੇ ਸਰਗਰਮ ਨੇਤਾ ਸੰਦੀਪ ਚੇਚੀ ਦਾ ਇਹ ਇਕ ਬਿਹਤਰੀਨ ਯਤਨ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 'ਤੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕਰਕੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਉਤਸਵ ਯਾਦਗਾਰੀ ਦੇ ਮੌਕੇ 'ਤੇ ਵਿਆਪਕ ਪੱਧਰ 'ਤੇ ਮਨਾਇਆ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਜੀ ਨੇ 143 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ਸ੍ਰੀ ਖੁਰਾਲਗੜ੍ਹ ਤੋਂ ਕੀਤਾ ਸੀ, ਜਿਸ ਵਿਚ ਸੈਲਾਨੀਆਂ ਲਈ ਸੁਵਿਧਾਵਾਂ ਵਾਲੀ ਈਮਾਰਤ, ਮਲਟੀ ਲੈਵਲ ਪਾਰਕਿੰਗ, ਮੀਨਾਰ-ਏ-ਬੇਗਮਪੁਰਾ, ਸੰਗਤ ਹਾਲ, ਅਤਿ-ਆਧੁਨਿਕ ਆਡੀਟੋਰੀਅਮ ਆਦਿ ਦੀ ਸੁਵਿਧਾ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮੁੱਚੀ ਮਾਨਵਤਾ ਦੀ ਭਲਾਈ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਬਰਾਬਰੀ ਦਾ ਸੰਦੇਸ਼ ਦਿੱਤਾ, ਜਿਸ ਨਾਲ ਮਾਨਵਤਾਵਾਦੀ ਕਦਰਾਂ-ਕੀਮਤਾਂ 'ਤੇ ਆਧਾਰਿਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਇਸ ਤਰ੍ਹਾਂ ਦੇ ਸਮਾਜ ਦਾ ਸੰਕਲਪ ਕੀਤਾ, ਜਿਥੇ ਕਿਸੇ ਨੂੰ ਕਿਸੇ ਕਿਸਮ ਦਾ ਦੁੱਖ ਨਹੀਂ ਝੱਲਣਾ ਪੈਂਦਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਨ ਅਧਿਆਤਮਕ ਮਾਰਗਦਰਸ਼ਕ ਅਤੇ ਸਮਾਜ ਦੇ ਗਰੀਬ ਅਤੇ ਬੇਸਹਾਰਾ ਵਰਗਾਂ ਦੇ ਮਸੀਹਾ ਸਨ, ਜਿਨ੍ਹਾਂ ਨੇ ਹਮੇਸ਼ਾ ਮਾਨਵਤਾ ਨੂੰ ਨੇਕ ਅਤੇ ਉੱਤਮ ਜੀਵਨ ਜਿਊਣ ਦਾ ਉਪਦੇਸ਼ ਦਿੱਤਾ। ਇਸ ਮੌਕੇ ਅਮਰਜੀਤ, ਪ੍ਰੋ. ਗੁਰਦੇਵ, ਸੀਤਾ ਰਾਮ, ਵਿੱਕੀ, ਜਸਵੀਰ ਸਿੰਘ, ਲਾਡੀ ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਸਨ।