ਨਵਾਂਸ਼ਹਿਰ, 29 ਫਰਵਰੀ - ਭਾਰਤ ਚੋਣ ਕਮਿਸਨਰ ਦੀਆਂ ਹਦਾਇਤਾਂ ਅਨੁਸਾਰ ਸਾਡਾ ਉਪਰਾਲਾ ਹੈ ਕਿ ਨਵੇਂ ਵੋਟਰਾਂ ਨੂੰ ਜਿਆਦਾ ਤੋਂ ਜਿਆਦਾ ਮਤਦਾਨ ਕਰਨ ਦੇ ਲਈ ਜਾਗਰੁਕ ਕੀਤਾ ਜਾਵੇ ਜਿਸ ਅਧੀਨ ਜਿਲ੍ਹੇ ਅੰਦਰ ਵੋਟਰ ਜਾਗਰੁਕਤਾ ਪ੍ਰੋਗਰਾਮ ਸਵੀਪ ਅਧੀਨ ਕਾਰਜ ਕੀਤੇ ਜਾ ਰਹੇ ਹਨ ਅਤੇ ਅੱਜ ਸਵੀਪ ਅਧੀਨ ਜਿਲ੍ਹੇ ਵਿੱਚ ਜਾਗਰੁਕਤਾ ਵੈਨ ਰਵਾਨਾਂ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਵੋਟਰ ਜਾਗਰੁਕਤਾ ਵੈਨ ਨੂੰ ਰਵਾਨਾ ਕਰਨ ਮੌਕੇ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ(ਜ) ਰਾਜੀਵ ਵਰਮਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਨਾਮ ਸਿੰਘ ਜਲਾਲਪੁਰ, ਹਲਕਾ ਇੰਚਾਰਜ ਬੰਗਾ ਕੁਲਜੀਤ ਸਰਹਾਲ, ਮਾਰਕੀਟ ਕਮੇਟੀ ਚੇਅਰਮੈਨ ਬੰਗਾ ਬਲਬੀਰ ਸਿੰਘ ਕਰਨਾਨਾ, ਅਤੇ ਹੋਰ ਵਿਭਾਗੀ ਕਰਮਚਾਰੀ ਵੀ ਹਾਜਰ ਸਨ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ 18 ਸਾਲ ਦੀ ਉਮਰ ਪਾਰ ਚੁੱਕੇ ਨੋਜਵਾਨ ਵੋਟ ਬਣਾਉਂਣ ਤੋਂ ਵਾਂਝਿਆਂ ਨਾ ਰਹਿ ਜਾਣ, ਇਸ ਦੇ ਲਈ ਵੱਧ ਤੋਂ ਵੱਧ ਜਾਗਰੂਕਤਾ ਰਾਹੀਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਬਲੀਸਿਟੀ ਵੈਨਾਂ ਪਿੰਡਾਂ ਤੇ ਕਸਬਿਆਂ ਵਿੱਚ ਜਾ ਕੇ ਵੋਟਰਾਂ ਨੂੰ ਆਪਣੀ ਵੋਟ ਬਣਾਉਣ ਅਤੇ ਇਸ ਦੇ ਇਸਤੇਮਾਲ ਕਰਨ ਦੇ ਲਈ ਜਾਗਰੂਕ ਕਰਨਗੀਆਂ।