-ਕਿਹਾ, ਪ੍ਰਾਜੈਕਟ ਮੁਕੰਮਲ ਹੋਣ 'ਤੇ ਇਲਾਕੇ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ ਹੋਵੇਗਾ ਸੁਧਾਰ
-200 ਕਿਊਸਿਕ ਪਾਣੀ ਦੀ ਨਿਕਾਸੀ ਨਾਲ ਫ਼ਸਲਾਂ ਦੇ ਖ਼ਰਾਬੇ ਤੋਂ ਹੋਵੇਗਾ ਬਚਾਅ
ਹੁਸ਼ਿਆਰਪੁਰ, 15 ਫਰਵਰੀ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ਵਿਖੇ ਨਹਿਰ 'ਤੇ ਬਣੇ ਰੈਗੂਲੇਟਰ ਅਤੇ 200 ਕਿਊਸਿਕ ਪਾਣੀ ਚਿੱਟੀ ਵੇਈਂ ਵਿਚ ਛੱਡਣ ਲਈ ਪੁੱਟੀ ਜਾ ਰਹੀ ਡਰੇਨ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਾਉਣ ਲਈ ਧਰਤੀ ਹੇਠਲੇ ਪਾਣੀ ਦੀ ਸੁਰੱਖਿਆ ਦੇ ਨਾਲ-ਨਾਲ ਸੂਬੇ ਦੀ ਬਨਸਪਤੀ ਅਤੇ ਜੰਗਲੀ ਜੀਵਾਂ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਡਰੇਨ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਪਿੰਡ ਸਿੰਬਲੀ ਤੋਂ ਸ਼ੁਰੂ ਹੋ ਕੇ ਇਹ ਡਰੇਨ ਚੂਹੜਪੁਰ, ਸ਼ਹੀਦ ਭਗਤ ਸਿੰਘ ਨਗਰ, ਕੁਲਾਮ, ਲੰਗੜੋਆ ਤੋਂ ਹੁੰਦੀ ਹੋਈ ਚਿੱਟੀ ਵੇਈਂ ਵਿਚ ਮਿਲੇਗੀ। ਉਨ੍ਹਾਂ ਕਿਹਾ ਕਿ ਨਹਿਰ ਵਿਚੋਂ ਇਸ ਪਾਣੀ ਨੂੰ ਛੱਡਣ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਸੁਧਾਰ ਹੋਵੇਗਾ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੱਲ ਰਹੇ ਕੰਮ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੇ ਸਾਲ ਹੜ੍ਹਾਂ ਦੌਰਾਨ ਇਹ ਸਾਰਾ ਇਲਾਕਾ ਪਾਣੀ ਵਿਚ ਘਿਰ ਗਿਆ ਸੀ ਕਿਉਂਕਿ ਪਾਣੀ ਦੀ ਨਿਕਾਸੀ ਮਹਿਜ਼ 70 ਤੋਂ 100 ਕਿਊਸਿਕ ਸੀ। ਇਸ ਕਾਰਨ ਪਾਣੀ ਬੈਕ ਮਾਰ ਗਿਆ ਅਤੇ ਕਿਸਾਨਾਂ ਦੀ ਸਾਰੀ ਫ਼ਸਲ ਪਾਣੀ ਵਿਚ ਡੁੱਬ ਕੇ ਖਰਾਬ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਡਰੇਨੇਜ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਨਾਲ 200 ਕਿਊਸਿਕ ਪਾਣੀ ਦੀ ਨਿਕਾਸੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ-ਪੀਰਾਂ ਅਤੇ ਸੰਤਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਨੇ ਸਾਨੂੰ ਵਾਤਾਵਰਨ ਦੀ ਸੁਰੱਖਿਆ ਦਾ ਰਸਤਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਨਕਸ਼ੇ-ਕਦਮ 'ਤੇ ਚੱਲਦਿਆਂ ਸੂਬਾ ਸਰਕਾਰ, ਪੰਜਾਬ ਦੇ ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ ਲਈ ਵੱਡੇ ਪੱਧਰ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਲਈ ਵੱਡੇ ਕਦਮ ਉਠਾਏ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਹੋਰ ਵੀ ਪੁਲੀਆਂ ਆਦਿ ਬਣਾਉਣ ਲਈ ਜੋ ਖ਼ਰਚਾ ਆਵੇਗਾ, ਉਨ੍ਹਾਂ ਵੱਲੋਂ ਆਪਣੇ ਅਖਤਿਆਰੀ ਫੰਡ ਵਿਚੋਂ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਇਸ ਪ੍ਰੋਜੈਕਟ ਸਬੰਧੀ ਬਣੇ ਰੈਗੂਲੇਟਰ ਲਈ ਆਪਣੇ ਅਖਤਿਆਰੀ ਫੰਡ ਵਿਚੋਂ 1 ਕਰੋੜ 19 ਲੱਖ ਰੁਪਏ ਦਿੱਤੇ ਗਏ ਹਨ ਅਤੇ 8 ਮਈ 2023 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ।
ਇਸ ਮੌਕੇ ਐਸ.ਈ ਗੁਰਪਿੰਦਰ ਸਿੰਘ ਸੰਧੂ, ਐਕਸੀਅਨ ਭਾਵੁਕ ਸ਼ਰਮਾ, ਐਸ.ਡੀ.ਓ ਗੁਰਜੀਤ ਸਿੰਘ ਤੋਂ ਇਲਾਵਾ ਸੰਤ ਸੀਚੇਵਾਲ ਦੇ ਨਿੱਜੀ ਸਕੱਤਰ ਪਾਲ ਸਿੰਘ ਨੌਲੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।