ਸੈਰ ਸਪਾਟਾ ਤੇ ਸਭਿਆਚਾਰ ਵਿਭਾਗ ਵਲੋਂ 1 ਤੋਂ 5 ਮਾਰਚ ਤੱਕ ਹੋਵੇਗਾ ‘ਹੁਸ਼ਿਆਰਪੁਰ ਨੇਚਰ ਫੈਸਟ’ : ਕੋਮਲ ਮਿੱਤਲ

-ਡਿਪਟੀ ਕਮਿਸ਼ਨਰ ਨੇ 'ਹੁਸ਼ਿਆਰਪੁਰ ਨੇਚਰ ਫੈਸਟ' ਦੇ ਸਫ਼ਲ ਆਯੋਜਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

-ਦੁਸਹਿਰਾ ਗਰਾਊਂਡ ਹੁਸ਼ਿਆਰਪੁਰ 'ਚ ਹੋਵੇਗਾ ਮੁੱਖ ਪ੍ਰੋਗਰਾਮ ਅਤੇ ਸਿੰਗਰ ਨਾਈਟ
-ਨਾਰਾ ਡੈਮ, ਥਾਣਾ ਡੈਮ, ਚੌਹਾਲ ਡੈਮ 'ਚ ਕਰਵਾਈ ਜਾਵੇਗੀ ਕੈਂਪਿੰਗ, ਟੈ੍ਰਕਿੰਗ, ਨਾਈਟ ਲਾਈਵ ਬੈਂਡ, ਆਫ਼ ਰੋਡਿੰਗ, ਬੋਟਿੰਗ, ਸ਼ਿਕਾਰਾ ਰਾਈਡਸ, ਜੰਗਲ ਸਫ਼ਾਰੀ, ਨੇਚਰ ਵਾਕ, ਬਰਮਾ ਬ੍ਰਿਜ ਆਦਿ ਗਤੀਵਿਧੀਆਂ
ਹੁਸ਼ਿਆਰਪੁਰ, 20 ਫਰਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸਭਿਆਚਾਰ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ 1 ਮਾਰਚ ਤੋਂ 5 ਮਾਰਚ ਤੱਕ 'ਹੁਸ਼ਿਆਰਪੁਰ ਨੇਚਰ ਫੈਸਟ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 'ਹੁਸ਼ਿਆਰਪੁਰ ਨੇਚਰ ਫੈਸਟ' ਦੇ ਸਫ਼ਲ ਆਯੋਜਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਐਸ.ਪੀ ਸਰਬਜੀਤ ਸਿੰਘ ਬਾਹੀਆ, ਕਮਿਸ਼ਨਰ ਨਗਰ ਨਿਗਮ ਜਿਯੋਤੀ ਬਾਲਾ ਮੱਟੂ, ਸਹਾਇਕ ਕਮਿਸ਼ਨਰ ਦਿਵਿਆ.ਪੀ, ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਿਦਿਕੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਹੁਸ਼ਿਆਰਪੁਰ ਨੇਚਰ ਫੈਸਟ' ਦਾ ਉਦੇਸ਼ ਕੁਦਰਤ ਦੀ ਗੋਦ ਵਿਚ ਵਸੇ ਹੁਸ਼ਿਆਰਪੁਰ ਵਿਚ ਸੈਰ ਸਪਾਟੇ ਦੀਆਂ ਅਪਾਰ ਸੰਭਾਵਨਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੈ, ਜਿਸ ਲਈ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਵਿਚ ਸਭਿਆਚਾਰਕ ਪ੍ਰੋਗਰਾਮ, ਸੈਲਫ ਹੈਲਪ ਗਰੁੱਪਾਂ ਦੀ ਪ੍ਰਦਰਸ਼ਨੀ, ਫੂਡ ਬਾਜ਼ਾਰ, ਫਾਰਮਰਸ ਮਾਰਕੀਟ, ਸਿੰਗਰ ਨਾਈਟ, ਕਾਈਟ ਫਲਾਇੰਗ, ਹਾਟ ਏਅਰ ਬੈਲੂਨਿੰਗ, ਡਿਸਪਲੇਅ ਗੈਲਰੀਜ਼ ਦਾ ਸੈਟਅਪ ਲੱਗੇਗਾ। ਇਸ ਤੋਂ ਇਲਾਵਾ ਨਾਰਾ ਡੈਮ ਵਿਚ ਕੈਂਪਿੰਗ, ਟੈ੍ਰਕਿੰਗ, ਨਾਈਟ ਲਾਈਵ ਬੈਂਡ, ਕੁਕਾਨੇਟ ਤੋਂ ਦੇਹਰਿਆਂ ਤੱਕ ਆਫ਼ ਰੋਡਿੰਗ, ਥਾਣਾ ਡੈਮ ਵਿਚ ਈਕੋ ਹੱਟਸ, ਹਾਈ ਸਪੀਡ ਬੋਟਿੰਗਸ, ਸ਼ਿਕਾਰਾ ਰਾਈਟਸ, ਜੰਗਲ ਸਫ਼ਾਰੀ, ਚੌਹਾਲ ਡੈਮ 'ਤੇ ਸਫਾਰੀ, ਸਪੀਡ ਬੋਟਿੰਗ, ਕੈਫੇ ਜੋਨ, ਨੇਚਰ ਵਾਕ, ਬਰਮਾ ਬ੍ਰਿਜ ਆਦਿ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।
ਕੋਮਲ ਮਿੱਤਲ ਨੇ ਦੱਸਿਆ ਕਿ ਪੰਜ ਦਿਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਸ ਲਈ ਰਜਿਸਟਰੇਸ਼ਨ ਪ੍ਰਕਿਰਿਆ ਵੀ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ 'ਹੁਸ਼ਿਆਰਪੁਰ ਨੇਚਰ ਫੈਸਟ' ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਆਯੋਜਨ ਰਾਹੀਂ ਨਾ ਸਿਰਫ਼ ਜ਼ਿਲ੍ਹਾ ਵਾਸੀ ਬਲਕਿ ਹੋਰ ਥਾਵਾਂ ਤੋਂ ਵੀ ਲੋਕ ਹੁਸ਼ਿਆਰਪੁਰ ਦੀ ਖੂਬਸੂਰਤੀ ਨੂੰ ਦੇਖ ਸਕਣਗੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਆਪਣੀਆਂ ਜਿੰਮੇਵਾਰੀਆਂ ਦਾ ਤਨਦੇਹੀ ਨਾਲ ਪਾਲਣ ਕਰਨ, ਤਾਂ ਜੋ ਸੈਰ ਸਪਾਟੇ ਦੇ ਨਜ਼ਰੀਏ ਤੋਂ ਹੁਸ਼ਿਆਰਪੁਰ ਦੀ ਵੱਖਰੀ ਪਹਿਚਾਣ ਬਣਾਈ ਜਾ ਸਕੇ।