ਪੰਜਾਬ ਸਰਕਾਰ ਦੀ ਨੀਅਤ ਤੇ ਨੀਤੀ ਮਾਂ ਬੋਲੀ ਪੰਜਾਬੀ ਪੱਖੀ-ਡਾ. ਬਲਬੀਰ ਸਿੰਘ
-ਕਿਹਾ, ਲੋਕ ਘਰਾਂ ਦੀਆਂ ਨਾਮ ਪੱਟੀਆਂ ਤੇ ਦੁਕਾਨਾਂ ਦੇ ਬੋਰਡਾਂ ਉੱਪਰ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ
-ਸਿਹਤ ਮੰਤਰੀ ਨੇ ਭਾਸ਼ਾ ਵਿਭਾਗ ਪੰਜਾਬ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਕਰਵਾਏ ਸਮਾਗਮ ਚ ਸ਼ਿਰਕਤ ਕੀਤੀ
ਪਟਿਆਲਾ, 21 ਫਰਵਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਨੀਤੀ ਅਤੇ ਨੀਅਤ ਮਾਂ ਬੋਲੀ ਪੰਜਾਬੀ ਪੱਖੀ ਹੈ।ਸਿਹਤ ਮੰਤਰੀ ਅੱਜ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਸਮਾਗਮ ਦੀ ਅਗਵਾਈ ਕਰ ਰਹੇ ਸਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਨੂੰ ਹੋਰਨਾਂ ਭਾਸ਼ਾਵਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਪਰੰਤੂ ਸਾਡੀ ਮਾਂ ਬੋਲੀ ਉਤੇ ਵੀ ਪਕੜ ਲਾਜਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਸ਼ਵ ਵਿੱਚ ਭਾਵੇਂ ਕਿਤੇ ਵੀ ਗਏ, ਉਥੇ ਹੀ ਉਨ੍ਹਾਂ ਨੇ ਨਵਾਂ ਪੰਜਾਬ ਵਸਾ ਲਿਆ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਪੰਜਾਬੀ ਦੇ ਲੇਖਕਾਂ ਤੇ ਪੰਜਾਬੀ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਸੰਜੀਦਾ ਹੈ। ਡਾ. ਬਲਬੀਰ ਸਿੰਘ ਨੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੀਆਂ ਨਾਮ ਪੱਟੀਆਂ ਅਤੇ ਦੁਕਾਨਾਂ ਦੇ ਬੋਰਡਾਂ ਉੱਪਰ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ।
ਸਮਾਗਮ ਮੌਕੇ ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਡਾ.ਵਿਦਵਾਨ ਸਿੰਘ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਸਮਾਗਮ ਦੀ ਪ੍ਰਧਾਨਗੀ ਉੱਘੇ ਚਿੰਤਕ ਡਾ. ਅਮਰਜੀਤ ਸਿੰਘ ਗਰੇਵਾਲ ਤੇ ਉੱਘੇ ਕਵੀ ਡਾ. ਸਵਰਨਜੀਤ ਸਿੰਘ ਸਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ "ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਅਤੇ ਹੱਲ" ਵਿਸ਼ੇ ਤੇ ਕੁੰਜੀਵਤ ਭਾਸ਼ਣ ਦਿੱਤਾ।
ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਹਰਪ੍ਰੀਤ ਕੌਰ ਨੇ ਸਵਾਗਤ ਕਰਦਿਆਂ ਮਾਤ ਭਾਸ਼ਾ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਤੇ ਵਿਭਾਗ ਦੀਆਂ ਮਹੱਤਵਪੂਰਨ ਸਕੀਮਾਂ ਬਾਰੇ ਜਾਣੂ ਕਰਵਾਇਆ।ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਭਾਸ਼ਾ ਵਿਭਾਗ ਵਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਰਾਹੀਂ ਆਮ ਜਨਤਾ ਨੂੰ ਘਰਾਂ ਅਤੇ ਦੁਕਾਨਾਂ ਦੇ ਬੋਰਡ ਪੰਜਾਬੀ ਭਾਸ਼ਾ ਵਿਚ ਲਿਖਣ ਲਈ "ਪੰਜਾਬੀ ਚੇਤਨਾ ਰੈਲੀ" ਕੱਢੀ ਗਈ। ਇਸ ਰੈਲੀ ਵਿਚ ਸਕੂਲ, ਪੰਜਾਬੀ ਟਾਈਪ/ਸ਼ਾਰਟਹੈਂਡ ਅਤੇ ਸਰਕਾਰੀ ਆਈ.ਟੀ.ਆਈ ਲੜਕੀਆਂ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਰੈਲੀ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸਮਾਗਮ ਦੇ ਦੂਜੇ ਦੌਰ ਵਿਚ ਪੰਜਾਬੀ ਥੀਏਟਰ ਮੰਚ ਦੇ ਡਾਇਰੈਕਟਰ, ਗੁਲਜਾਰ ਪਟਿਆਲਵੀ ਨੇ ਪੰਜਾਬੀ ਸੂਫ਼ੀ ਗਾਇਕੀ ਦੀ ਪੇਸ਼ਕਾਰੀ ਕੀਤੀ। ਸਮਾਗਮ ਵਿਚ ਕਰਨਲ ਜੇਵੀ ਸਿੰਘ, ਜਸਬੀਰ ਸਿੰਘ ਗਾਂਧੀ, ਲਾਲ ਸਿੰਘ ਤੇ ਮਨਦੀਪ ਸਿੰਘ ਵਿਰਦੀ ਡਿਪਟੀ ਡਾਇਰੈਕਟਰ ਹਰਭਜਨ ਕੌਰ, ਚੰਦਨਦੀਪ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਜਸਪ੍ਰੀਤ ਕੌਰ, ਸੁਰਿੰਦਰ ਕੌਰ ਹਾਜਰ ਹੋਏ। ਮੰਚ ਸੰਚਾਲਨ ਦਾ ਕਾਰਜ ਵਿਭਾਗ ਦੇ ਅਧਿਕਾਰੀ ਗੁਰਮੇਲ ਸਿੰਘ ਵਿਰਕ ਨੇ ਕੀਤਾ।