ਹੁਸ਼ਿਆਰਪੁਰ, 20 ਫਰਵਰੀ: ਭਾਸ਼ਾ ਵਿਭਾਗ ਪੰਜਾਬ ਵਿਚ ਖੋਜ ਅਫ਼ਸਰ ਕਮ-ਜ਼ਿਲ੍ਹਾ ਭਾਸ਼ਾ ਅਫ਼ਸਰ, ਦਫ਼ਤਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਵਿਚ ਕਾਰਜ ਕਰਦਿਆਂ ਹਰਫ਼ਾਂ ਨਾਲ ਜੁੜੇ ਡਾ. ਜਸਵੰਤ ਰਾਏ ਦੀ ਹਿੰਦੀ ਪੁਸਤਕ 'ਬਾਬੂ ਮੰਗੂ ਰਾਮ ਮੁਗੋਵਾਲੀਆ-ਗ਼ਦਰੀ ਯੋਧਾ ਅਤੇ ਆਦਿ ਧਰਮ ਦੇ ਸੰਸਥਾਪਕ' 'ਤੇ ਪ੍ਰਗਤੀ ਮੈਦਾਨ ਦਿੱਲੀ ਵਿਖੇ ਵਰਲਡ ਪੁਸਤਕ ਮੇਲੇ 'ਤੇ ਸਮਾਗਮ ਕਰਵਾਇਆ ਗਿਆ। ਪਬਲਿਸ਼ਰ ਗੌਤਮ ਬੱੁਕ ਸੈਂਟਰ ਦੇ ਸਟਾਲ 'ਤੇ ਇਕੱਤਰ ਹੋਏ ਜੇ.ਐੱਨ.ਯੂ ਦੇ ਹਿੰਦੀ ਦੇ ਪ੍ਰੋਫੈਸਰ ਡਾ. ਰਾਜੇਸ਼ ਪਾਸਵਾਨ, ਡਾ. ਵਿਕਰਮ, ਡਾ. ਵਿਵੇਕ, ਲਾਲ ਸਿੰਘ, ਡਾ. ਰਜੇਸ਼ ਕੁਮਾਰ ਪ੍ਰੈਜੀਡੈਂਟ ਆਲ ਇੰਡੀਆ ਡਾਕਟਰ ਐਸੋਸੀਐਸ਼ਨ, ਜੇ.ਐਨ.ਯੂ ਦੇ ਸਕਾਲਰ ਇੰਦਰਜੀਤ, ਭੋਮਾ ਰਾਮ ਰਾਜਸਥਾਨ ਅਤੇ ਪਬਲਿਸ਼ਰ ਅਨੁਜ ਨੇ ਪੁਸਤਕ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਚੱਲੇ ਆਦਿ ਧਰਮ ਅੰਦੋਲਨ ਦੀ ਤਸਵੀਰ ਨੂੰ ਗੂਹੜੇ ਰੂਪ ਪੇਸ਼ ਕਰਦੀ ਇਸ ਕਿਤਾਬ ਦੀ ਹਿੰਦੀ ਹਲਕਿਆਂ ਵਿਚ ਬਹੁਤ ਲੋੜ ਮਹਿਸੂਸ ਹੋ ਰਹੀ ਸੀ, ਜਿਹੜੀ ਡਾ. ਜਸਵੰਤ ਰਾਏ ਦੀ ਮਿਹਨਤ ਕਾਰਨ ਹੁਣ ਪੂਰੀ ਹੋ ਗਈ ਹੈ। ਬਾਬੂ ਮੰਗੂ ਰਾਮ ਮੁਗੋਵਾਲੀਆ ਨੇ ਸਿਰਫ਼ ਆਦਿ ਧਰਮ ਲਹਿਰ ਵਿਚ ਹੀ ਹਾਸ਼ੀਆਗਤ ਲੋਕਾਂ ਲਈ ਕੰਮ ਨਹੀਂ ਕੀਤਾ ਸਗੋਂ ਦੇਸ਼ ਦੀ ਅਜ਼ਾਦੀ ਲਈ ਚੱਲੀ ਗ਼ਦਰ ਲਹਿਰ ਵਿੱਚ ਵੀ ਲਾਸਾਨੀ ਭੂਮਿਕਾ ਨਿਭਾਈ ਹੈ। ਇਤਿਹਾਸ ਦੇ ਪੰਨਿਆਂ 'ਤੇ ਜਦੋਂ ਗਹਿਰੀ ਨਜ਼ਰ ਮਾਰੀ ਜਾਂਦੀ ਹੈ, ਤਾਂ ਬਾਬੂ ਮੰਗੂ ਰਾਮ ਮੁਗੋਵਾਲੀਆ ਵਰਗੇ ਬਹੁਤ ਸਾਰੇ ਵੱਡੇ ਜਾਂਬਾਜ਼ ਯੋਧਿਆਂ ਦੀ ਗਾਥਾ ਉਲੀਕੀ ਕਿਧਰੇ ਨਜ਼ਰ ਨਹੀਂ ਆਉਂਦੀ। ਡਾ. ਜਸਵੰਤ ਰਾਏ ਨੇ ਅਣਗੌਲੇੇ ਯੋਧੇ ਦੇ ਸੰਘਰਸ਼ ਦੀ ਕਹਾਣੀ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਪੰਜਾਬੀ ਤੋਂ ਬਾਅਦ ਹੁਣ ਹਿੰਦੀ ਵਿਚ ਪੇਸ਼ ਕਰਕੇ ਇਕ ਮਾਰਮਿਕ ਕੰਮ ਕੀਤਾ ਹੈ। ਹਿੰਦੀ ਖੇਤਰ ਦੇ ਪਾਠਕਾਂ ਦਾ ਇਸ ਪੁਸਤਕ ਨੇ ਗੰਭੀਰਤਾ ਨਾਲ ਧਿਆਨ ਖਿੱਚਿਆ ਹੈ। ਬਾਅਦ ਵਿਚ ਇਨ੍ਹਾਂ ਸਕਾਲਰਾਂ, ਚਿੰਤਕਾਂ ਅਤੇ ਪ੍ਰੋਫੈਸਰਾਂ ਨੇ ਇਸ ਕਿਤਾਬ ਦਾ ਲੋਕ ਅਰਪਣ ਵੀ ਕੀਤਾ।