-ਸਿੱਖਿਆ, ਸਿਹਤ ਤੇ ਰੋਜ਼ਗਾਰ ਪੰਜਾਬ ਸਰਕਾਰ ਦੀਆਂ ਮੁੱਢਲੀਆਂ ਤਰਜੀਹਾਂ-ਡਾ. ਬਲਬੀਰ ਸਿੰਘ
ਪਟਿਆਲਾ, 21 ਫਰਵਰੀ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਆਰਬੀਐਲ ਬੈਂਕ ਵੱਲੋਂ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਤ ਕਰਨ ਵਾਲੀ ਸੀਐਸਆਰ ਪਹਿਲ ਉਮੀਦ 1000 ਤਹਿਤ 700 ਵਿਦਿਆਰਥਣਾਂ ਨੂੰ ਇੱਥੇ ਪੋਲੋ ਗਰਾਊਂਡ ਵਿਖੇ ਸਾਈਕਲ ਅਤੇ ਸਕੂਲ ਕਿੱਟਾਂ ਤਕਸੀਮ ਕੀਤੀਆਂ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਤੇ ਆਰਬੀਐਲ ਬੈਂਕ ਦੇ ਐਮਡੀ ਤੇ ਸੀਈਓ ਆਰ ਸੁਬਰਾਮਣਿਆਕੁਮਾਰ ਵੀ ਮੌਜੂਦ ਸਨ।
ਇਸ ਮੌਕੇ ਵਿਦਿਆਰਥਣਾਂ ਨੂੰ ਅੱਗੇ ਵੱਧਣ ਲਈ ਪ੍ਰੇਰਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਪਣੇ ਨੌਜਵਾਨਾਂ ਨੂੰ ਖੰਭ ਲਗਾਏ ਹਨ, ਇਸ ਲਈ ਸਾਡੇ ਵਿਦਿਆਰਥੀ ਖੁੱਲ੍ਹੇ ਅਸਮਾਨ ਵਿੱਚ ਆਜ਼ਾਦੀ ਨਾਲ ਉਡਾਰੀਆਂ ਮਾਰਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿੱਖਿਆ, ਸਿਹਤ ਤੇ ਰੋਜ਼ਗਾਰ ਪੰਜਾਬ ਸਰਕਾਰ ਦੀਆਂ ਮੁੱਢਲੀਆਂ ਤਰਜੀਹਾਂ ਹਨ ਅਤੇ ਸਰਕਾਰ ਨੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਨੂੰ ਨਿਜੀ ਖੇਤਰ ਤੋਂ ਵੀ ਵਧੀਆ ਬਣਾਉਣ ਦਾ ਟੀਚਾ ਮਿੱਥਿਆ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਇਲਾਜ ਲਈ ਨਿਜੀ ਹਸਪਤਾਲਾਂ ਵੱਲ ਤੇ ਸਰਕਾਰ ਵੱਲੋਂ ਸਕਿੱਲ ਅਧਾਰਤ ਸਿੱਖਿਆ ਦੇਣ ਦੀ ਸ਼ੁਰੂਆਤ ਤਹਿਤ ਨੌਜਵਾਨਾਂ ਨੂੰ ਸਿੱਖਿਆ ਤੇ ਰੋਜ਼ਗਾਰ ਲਈ ਵਿਦੇਸ਼ਾਂ ਵੱਲ ਭੱਜਣ ਦੀ ਲੋੜ ਨਹੀਂ ਪਵੇਗੀ।
ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਨੇ ਆਰਬੀਐਲ ਬੈਂਕ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਪੜ੍ਹ-ਲਿਖਕੇ ਜਿੰਦਗੀ ਵਿੱਚ ਹੋਰ ਅੱਗੇ ਵੱਧਣ ਲਈ ਪ੍ਰੇਰਤ ਕੀਤਾ।
ਆਰਬੀਐਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ, ਆਰ ਸੁਬਰਾਮਣਿਆਕੁਮਾਰ ਨੇ ਕਿਹਾ, "'ਕਮਿਊਨਿਟੀ ਐਜ਼ ਦ ਕਾਜ਼' ਦੇ ਮਿਸ਼ਨ ਤੇ ਉਮੀਦ 1000' ਦੇ ਤਹਿਤ ਉਨ੍ਹਾਂ ਦੀ ਬੈਂਕ ਨਿਰੰਤਰ ਸਹਾਇਤਾ ਰਾਹੀਂ ਲੜਕੀਆਂ ਦੇ ਜੀਵਨ ਵਿੱਚ ਇੱਕ ਸਾਰਥਕ ਬਦਲਾਅ ਲਿਆਉਣ ਤੇ ਇੱਕ ਬਰਾਬਰੀ ਵਾਲੇ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।"
ਸਮਾਗਮ ਮੌਕੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਆਪ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਜੱਗਾ, ਕਰਨਲ ਜੇਵੀ ਸਿੰਘ, ਜਸਬੀਰ ਸਿੰਘ ਗਾਂਧੀ, ਲਾਲ ਸਿੰਘ ਤੇ ਮਨਦੀਪ ਸਿੰਘ ਵਿਰਦੀ ਸਮੇਤ ਹੋਰ ਪਤਵੰਤੇ, ਸਕੂਲੀ ਵਿਦਿਆਰਥਣਾਂ ਤੇ ਅਧਿਆਪਕ ਮੌਜੂਦ ਸਨ।