ਅਮ੍ਰਿਤਸਰ, 20 ਫਰਵਰੀ, 2024: ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਅਮ੍ਰਿਤਸਰ ਨੇ ਦੱਸਿਆ ਕਿ ਉਹ ਕੇਂਦਰੀ ਸਪਾਂਸਰ ਸਕੀਮ ਪ੍ਰਧਾਨ ਮੰਤਰੀ ਫਾਰਮਾਲਾਈਜ਼ੇਸ਼ਨ ਆਫ਼ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜਿਜ਼ ਸਕੀਮ (ਪੀ.ਐੱਮ. ਐੱਫ.ਐੱਮ.ਈ.) ਤਹਿਤ 22 ਫਰਵਰੀ, 2024 ਨੂੰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਪ੍ਰਇਮਰੀ ਪ੍ਰੋਸੈਸਿੰਗ ਸੈਂਟਰ, (ਪੀਪੀਸੀ), ਨੈਸ਼ਨਲ ਹਾਈਵੇਅ ਬਾਈਪਾਸ ਨੇੜੇ ਵੇਰਕਾ ਚੌਂਕ, ਅਮ੍ਰਿਤਸਰ ਵਿਖੇ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਸਕੀਮ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੁਆਰਾ ਜੂਨ 2020 ਵਿੱਚ ਸ਼ੁਰੂ ਕੀਤੀ ਗਈ ਸੀ ਜਿਸਦਦਾ 5 ਸਾਲਾਂ (2020-2025) ਦਾ ਬਜ਼ਟ 10,000 ਕਰੋੜ ਰੁਪਏ ਸੀ। ਸਕੀਮ ਦਾ ਉਦੇਸ਼ ਲਘੂ ਅਤੇ ਛੋਟੇ ਫੂਡ ਪ੍ਰੋਸੈਸਿੰਗ ਉੱਦਮੀਆਂ ਦੀ ਯੋਗਤਾ/ਸਮਰੱਥਾ ਨੂੰ ਵਧਾਉਣਾ ਅਤੇ ਪ੍ਰਫੂਲਿਤ ਕਰਨਾ ਹੈ। ਸਕੀਮ ਤਹਿਤ ਵਿਅਕਤੀਗਤ ਇਕਾਈਆਂ ਅਤੇ FPOs/SHGs, ਉਤਪਾਦਕ ਸਹਿਕਾਰੀ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਨੂੰ ਪ੍ਰੋਜੈਕਟ ਦੀ ਕੁੱਲ ਯੋਗ ਲਾਗਤ ਦਾ 35% ਕ੍ਰੇਡਿਟ ਲਿੰਕਡ ਕੈਪੀਟਲ ਸਬਸਿਡੀ ਵੱਧ ਤੋਂ ਵੱਧ 10 ਲੱਖ ਰੁਪਏ ਜਾਂ 3 ਕਰੋੜ ਰੁਪਏ ਕ੍ਰਮਵਾਰ ਬੁਨਿਆਦਿ ਢਾਂਚਾ ਆਦਿ ਸਥਾਪਿਤ ਕਰਨ ਲਈ ਪ੍ਰਦਾਨ ਕੀਤੀ ਜਾਂਦੀ ਹੈ। ।
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (PAIC) ਇਸ ਸਕੀਮ ਦੀ ਨੋਡਲ ਏਜੰਸੀ ਹੈ। 2,000 ਤੋਂ ਵੱਧ ਮਾਈਕਰੋ ਫੂਡ ਪ੍ਰੋਸੈਸਿੰਗ ਉੱਦਮੀਆਂ (ਮੌਜੂਦਾ ਅਤੇ ਨਵੇਂ ਦੋਵੇਂ) ਨੂੰ ਹੁਣ ਤੱਕ 171 ਕਰੋੜ ਰੁਪਏ ਦੀ ਸਬਸਿਡੀ ਮਨਜ਼ੂਰ ਕੀਤੀਜਾ ਚੁੱਕੀ ਹੈ।ਇਛੁੱਕ ਉੱਦਮੀਆਂ, ਨੌਜਵਾਨਾਂ ਆਦਿ ਨੂੰ ਸਕੀਮ, ਇਸ ਦੇ ਲਾਭ ਆਦਿ ਬਾਰੇ ਜਾਗਰੂਕ ਕਰਨ ਲਈ, 22 ਫਰਵਰੀ ਨੂੰ ਉਪਰੋਕਤ ਸਥਾਨ ਤੇ ਇੱਕ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ । ਇਸ ਲਈ, ਫੂਡ ਪ੍ਰੋਸੈਸਿੰਗ ਉਦਯੋਗਾਂ/ਕਿਸਾਨਾਂ/ਨੌਜਵਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਸਕੀਮ ਦਾ ਲਾਭ ਲੈਣ ਲਈ ਅੱਗੇ ਆਉਣ ਅਤੇ ਆਪਣੇ ਖੁਦ ਦੇ ਕਾਰੋਬਾਰ ਉੱਦਮ ਸਥਾਪਤ ਕਰਨ ਜਾਂ ਆਪਣੀਆਂ ਮੌਜੂਦਾ ਇਕਾਈਆਂ ਨੂੰ ਅਪਗ੍ਰੇਡ ਕਰਨ।