ਇੰਡਸਟਰੀਅਲ ਵੁੱਡ ਪਾਰਕ ਸਥਾਪਿਤ ਕਰਨ ਲਈ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਅਤੇ ਉਦਯੋਗਪਤੀਆਂ ਨਾਲ ਕੀਤੀ ਮੀਟਿੰਗ

-ਪਿੰਡ ਬੱਸੀ ਕਾਸੋਂ ਅਤੇ ਪਿੰਡ ਬੱਸੀ ਮਰੂਫ 'ਚ 447 ਕਨਾਲ 18 ਮਰਲੇ ਵਿੱਚ ਬਣੇਗਾ
ਇੰਡਸਟਰੀਅਲ ਵੁੱਡ ਪਾਰਕ
ਹੁਸ਼ਿਆਰਪੁਰ, 16 ਜਨਵਰੀ: ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਪ੍ਰਫੁਲਿਤ
ਕਰਨ ਲਈ ਪ੍ਰਾਈਵੇਟ ਉਦਮੀਆਂ ਨੂੰ ਇੰਡਸਟਰੀਅਲ ਪਾਰਕ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ ਜਾ
ਰਿਹਾ ਹੈ, ਜਿਸ ਤਹਿਤ ਵੱਖ-ਵੱਖ ਸੁਵਿਧਾਵਾਂ ਜਿਵੇਂ ਕਿ ਸੀ.ਐਲ.ਯੂ ਚਾਰਜ, ਈ.ਡੀ.ਸੀ ਚਾਰਜ
ਅਤੇ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ-1995 ਤੋਂ ਵੀ ਛੋਟ ਦਿੱਤੀ ਗਈ ਹੈ।
ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੰਡਸਟਰੀਅਲ
ਵੁੱਡ ਪਾਰਕ ਸਥਾਪਿਤ ਕਰਨ ਦੇ ਸਬੰਧ ਵਿੱਚ ਵੱਖ-ਵੱਖ ਵਿਭਾਗਾਂ ਦੇ ਪ੍ਰਤੀਨਿਧੀਆਂ ਅਤੇ
ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹੁਤੇ ਹਲਕੇ
ਐਗਰੋ ਫੋਰੈਸਟਰੀ ਕੀਤੀ ਜਾਂਦੀ ਹੈ ਅਤੇ ਇਸ ਜ਼ਿਲ੍ਹੇ ਵਿੱਚ ਵੁੱਡ ਬੇਸਡ ਇੰਡਸਟਰੀਜ਼ ਲੱਗਣ ਦੀ
ਕਾਫੀ ਸੰਭਾਵਨਾ ਹੈ, ਇਸ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਉਦਯੋਗਪਤੀਆਂ ਨਾਲ
ਤਾਲਮੇਲ ਕਰਦੇ ਹੋਏ ਜ਼ਿਲ੍ਹੇ ਵਿੱਚ ਵੁੱਡ ਪਾਰਕ ਸਥਾਪਿਤ ਕਰਨ ਲਈ ਉਪਰਾਲੇ ਕੀਤੇ ਗਏ ਹਨ, ਜਿਸ
ਤਹਿਤ ਸੰਭਾਵਿਤ ਉਦਮੀਆਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਅਤੇ ਪ੍ਰਾਈਵੇਟ
ਇੰਡਸਟਰੀਅਲ ਪਾਰਕ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਸੇ ਕੜੀ ਵਿੱਚ ਉਦਮੀਆਂ ਵਲੋਂ
ਹੁਸ਼ਿਆਰਪੁਰ ਵੁੱਡ ਪਾਰਕ ਪ੍ਰਾਈਵੇਟ ਲਿਮਟਡ ਨਾਮ ਦੀ ਐਸ.ਪੀ.ਵੀ ਬਣਾਉਣ ਉਪਰੰਤ ਇੰਡਸਟਰੀਅਲ
ਪਾਰਕ ਬਣਾਉਣ ਲਈ ਯਤਨ ਕੀਤੇ ਗਏ। ਉਦਯੋਗਿਕ ਵਿਕਾਸ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਪੰਜਾਬ
ਸਰਕਾਰ ਵਲੋਂ ਇਸ ਨੂੰ ਆਪਣੇ ਪ੍ਰੋਜੈਕਟ ਆਫ ਦੀ ਕਨਸਰਨ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ
ਪ੍ਰਾਈਵੇਟ ਇੰਡਸਟਰੀਅਲ ਪਾਰਕ ਪਿੰਡ ਬੱਸੀ ਕਾਸੋ ਅਤੇ ਪਿੰਡ ਬੱਸੀ ਮਰੂਫ ਵਿੱਚ 447 ਕਨਾਲ 18
ਮਰਲੇ ਵਿੱਚ ਬਣਾਇਆ ਜਾ ਰਿਹਾ ਹੈ। ਇਸ ਦੇ ਕਰੀਬ 26 ਇਕਾਈਆਂ ਸਥਾਪਿਤ ਕਰਨ ਦਾ ਪ੍ਰਸਤਾਵ ਹੈ,
ਜਿਸ ਨਾਲ ਜ਼ਿਲ੍ਹੇ ਵਿੱਚ ਕਰੀਬ 200 ਕਰੋੜ ਰੁਪਏ ਦਾ ਨਿਵੇਸ਼ ਆਵੇਗਾ ਅਤੇ 2500 ਦੇ ਕਰੀਬ
ਸਿੱਧੇ ਅਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਉਤਪਤੀ ਦੀ ਉਮੀਦ ਹੈ। ਪੰਜਾਬ ਸਰਕਾਰ ਵਲੋਂ ਇਸ
ਪ੍ਰਾਈਵੇਟ ਇੰਡਸਟਰੀਅਲ ਪਾਰਕ ਨੂੰ ਹਰ ਤਰ੍ਹਾਂ ਦੀ ਜ਼ਰੂਰੀ ਰੈਗੂਲੇਟਰੀ ਕਲੀਅਰੈਂਸ ਮੁਹੱਈਆ
ਕਰਵਾਈ ਗਈ ਹੈ, ਜਿਸ ਵਿੱਚ ਪਲਾਈਵੁੱਡ ਇੰਡਸਟਰੀ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਵਨ
ਡਿਸਟ੍ਰਿਕਟ ਵਨ ਪ੍ਰੋਡਕਟਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਇੰਡਸਟਰੀਅਲ ਪਾਰਕ ਦੇ ਸ਼ੁਰੂ ਹੋਣ
ਨਾਲ ਜਿਥੇ ਜ਼ਿਲ੍ਹੇ ਵਿੱਚ ਪਲਾਈਵੁੱਡ ਕਲੱਸਟਰ ਬਣਾਉਣ ਦਾ ਰਸਤਾ ਸਾਫ ਹੋਵੇਗਾ ਅਤੇ ਆਉਣ ਵਾਲੇ
ਸਮੇਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਲਾਈਵੁੱਡ ਅਤੇ ਵੁੱਡ ਬੇਸਡ ਪ੍ਰੋਡਕਟਸ ਦੇ ਐਕਸਪੋਰਟਰ
ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ,
ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਜ਼ਿਲ੍ਹਾ ਯੋਜਨਾਕਾਰ ਨਵਲ ਕੁਮਾਰ, ਜੀ.ਐਮ
ਜ਼ਿਲ੍ਹਾ ਉਦਯੋਗ ਕੇਂਦਰ ਹੁਸ਼ਿਆਰਪੁਰ ਅਰੁਣ ਕੁਮਾਰ, ਸਬ ਰਜਿਸਟਰਾਰ ਹਰਕਰਮ ਸਿੰਘ ਰੰਧਾਵਾ ਅਤੇ
ਹੋਰ ਅਧਿਕਾਰੀ ਵੀ ਮੌਜੂਦ ਸਨ।