ਜ਼ਿਲ੍ਹਾ ਵਾਸੀਆਂ ਤੱਕ ਨਿਰਵਿਘਨ ਸਪਲਾਈ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ : ਕੋਮਲ ਮਿੱਤਲ

ਹੁਸ਼ਿਆਰਪੁਰ, 2 ਜਨਵਰੀ:ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਟਰਾਂਸਪੋਰਟਰਾਂ ਦੀ
ਹੜਤਾਲ ਖਤਮ ਹੋਣ ਦੇ ਨਾਲ ਹੀ
ਜ਼ਿਲ੍ਹੇ ਦੇ ਸਾਰੇ 240 ਪੈਟਰੋਲ ਪੰਪਾਂ ਵਿਚ ਤੇਲ ਦੀ ਸਪਲਾਈ ਬਹਾਲ ਹੋਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਵੀ ਇਸ ਸਬੰਧੀ
ਗੱਲ ਹੋਈ ਹੈ ਅਤੇ ਉਨ੍ਹਾਂ ਨੇ ਵੀ ਹੜਤਾਲ ਖਤਮ ਹੋਣ ਦੀ ਪੁਸ਼ਟੀ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੈਟਰੋਲ ਪੰਪਾਂ ਦੇ ਅਤੇ ਪ੍ਰਾਈਵੇਟ ਟੈਂਕਰ
ਜਲੰਧਰ ਵਿਚ ਪੈਟਰੋਲ ਅਤੇ ਡੀਜ਼ਲ ਭਰਨ ਲਈ ਜਾਣ ਦੇ ਨਾਲ ਹੀ ਮੰਗਲਵਾਰ ਰਾਤ ਤੱਕ ਸਾਰੇ
ਪੈਟਰੋਲ ਪੰਪਾਂ ਵਿਚ ਪੈਟਰੋਲ ਅਤੇ ਡੀਜ਼ਲ ਉਪਲਬੱਧ ਹੋ ਜਾਵੇਗਾ। ਉਨ੍ਹਾਂ ਜ਼ਿਲ੍ਹਾ
ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਘਬਰਾਉਣ ਨਾ ਕਿਉਂਕਿ ਹੜਤਾਲ ਖਤਮ ਹੋ ਗਈ
ਹੈ ਅਤੇ ਜ਼ਿਲ੍ਹੇ ਵਿਚ ਤੇਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ
ਕਿਹਾ ਕਿ ਉਹ ਪੈਟਰੋਲ ਪੰਪਾਂ ਅਤੇ ਗੈਸ ਸਟੇਸ਼ਨਾਂ ਦੇ ਬਾਹਰ ਲਾਈਨਾਂ ਨਾ ਲਗਾਉਣ ਕਿਉਂਕਿ
ਇਸ ਤਰ੍ਹਾਂ ਲਾਈਨਾਂ ਲਗਾਉਣ ਨਾਲ ਟੈ੍ਰਫਿਕ ਜਾਮ ਹੁੰਦਾ ਹੈ ਅਤੇ ਲੋਕਾਂ ਨੂੰ ਜਿਥੇ
ਆਉਣ-ਜਾਣ ਦੀ ਸਮੱਸਿਆ ਆਉਂਦੀ ਹੈ, ਉਥੇ ਬੇਵਜ੍ਹਾ ਘਬਰਾਹਟ ਵੀ ਪੈਦਾ ਹੁੰਦੀ ਹੈ।
ਕੋਮਲ ਮਿੱਤਲ ਨੇ ਕਿਹਾ ਕਿ ਮੰਗਲਵਾਰ ਰਾਤ ਤੋਂ ਪੈਟਰੋਲ ਪੰਪਾਂ 'ਤੇ ਨਿਰਵਿਘਨ ਪੈਟਰੋਲ ਅਤੇ
ਡੀਜ਼ਲ ਦੀ ਸਪਲਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਸੰਜਮ ਨਾਲ ਕੰਮ ਲੈਣ ਅਤੇ
ਬੇਫਿਕਰ ਰਹਿਣ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਵਚਨਬੱਧ
ਅਤੇ ਤਿਆਰ ਹੈ। ਉਨ੍ਹਾਂ ਪੈਟਰੋਲ ਪੰਪਾਂ ਅਤੇ ਗੈਸ ਸਟੇਸ਼ਨਾਂ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ
ਕਿ ਉਹ ਕਿਸੇ ਤਰ੍ਹਾਂ ਦੀ ਸਟਾਕਿੰਗ ਨਾ ਕਰਨ ਅਤੇ ਸੁਚਾਰੂ ਰੂਪ ਨਾਲ ਸਪਲਾਈ ਜਾਰੀ ਰੱਖਣ।