ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਕਿਸਾਨਾਂ ਨੂੰ ਸਮਝਾਉਣ ਸਦਕਾ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਘਟੇ
-ਏ.ਡੀ.ਸੀਜ ਅਨੁਪ੍ਰਿਤਾ ਜੌਹਲ ਸਮੇਤ ਸਮੂਹ ਐਸ.ਡੀ.ਐਮਜ਼ ਵੀ ਖੇਤਾਂ 'ਚ ਜਾ ਕੇ ਕਿਸਾਨਾਂ ਨੂੰ ਮਿਲੇ
-ਐਸ.ਡੀ.ਐਮ. ਪਟਿਆਲਾ ਮਨਜੀਤ ਕੌਰ ਨੇ ਖ਼ੁਦ ਖੇਤਾਂ 'ਚ ਪਰਾਲੀ ਸੜਨੋ ਰੋਕੀ, ਕਿਸਾਨ ਜਮੀਨ 'ਚ ਵਾਹੁਣ ਲਈ ਹੋਏ ਸਹਿਮਤ
-ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਦੀ ਸ਼ਲਾਘਾ, ਕਿਹਾ ਹੋਰ ਵੀ ਕਿਸਾਨ ਅੱਗ ਲਾਉਣ ਤੋਂ ਬਚਣ
ਪਟਿਆਲਾ, 25 ਅਕਤੂਬਰ:ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਕਿਸਾਨਾਂ ਨੂੰ ਸਮਝਾਉਣ ਸਦਕਾ ਅੱਜ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਕਾਫ਼ੀ ਘਟੇ ਹਨ। ਪਿਛਲੇ ਸਾਲ 25 ਅਕਤੂਬਰ ਨੂੰ 47 ਮਾਮਲੇ ਆਏ ਸਨ ਅਤੇ ਅੱਜ 13 ਥਾਂਵਾਂ 'ਤੇ ਅੱਗ ਲੱਗਣ ਦੀ ਰਿਪੋਰਟ ਮਿਲੀ ਹੈ। ਉਧਰ ਕਿਸਾਨਾਂ ਨੇ ਵੀ ਸੂਝ-ਬੂਝ ਦਾ ਸਬੂਤ ਦਿੰਦਿਆਂ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਜਾਂ ਇਸ ਦੀਆਂ ਗੰਢਾਂ ਬਣਵਾ ਕੇ ਸੰਭਾਲਣ ਲਈ ਸਹਿਮਤੀ ਜਤਾਉਂਦਿਆਂ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਵਾਤਾਵਰਣ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਕੀਤਾ ਹੈ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਰੋਜ਼ਾਨਾ ਦੀ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪਟਿਆਲਾ ਪੁਲਿਸ ਦੀ ਟੀਮ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਕੇ ਪਰਾਲੀ ਸਾੜਨ ਦੇ ਮਾਮਲਿਆਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਸ ਦਿਨ ਤੱਕ ਕੁਲ 327 ਮਾਮਲੇ ਦਰਜ ਹੋਏ ਸਨ ਅਤੇ ਇਸ ਵਾਰ ਅੱਜ ਤੱਕ 218 ਮਾਮਲੇ ਰਿਪੋਰਟ ਹੋਏ ਹਨ।
ਇਸ ਦੌਰਾਨ ਏ.ਡੀ.ਸੀ. ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਨੇ ਸਮਾਣਾ ਅਤੇ ਘਨੌਰ ਆਦਿ ਇਲਾਕਿਆਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਸਾੜਨ ਦੀ ਬਜਾਇ ਇਨਸੀਟੂ ਤਕਨੀਕਾਂ ਨਾਲ ਆਪਣੇ ਖੇਤਾਂ ਵਿੱਚ ਮਿਲਾਉਣ ਜਾਂ ਫਿਰ ਐਕਸ ਸੀਟੂ ਮੈਨੇਜਮੈਂਟ ਜਾਰੀਂ ਇਸ ਨੂੰ ਬੇਲਰਾਂ ਦੀ ਮਦਦ ਨਾਲ ਚੁਕਵਾਉਣ ਲਈ ਪ੍ਰੇਰਿਤ ਕੀਤਾ।
ਇਸੇ ਤਰ੍ਹਾਂ ਐਸ.ਡੀ.ਐਮ. ਪਟਿਆਲਾ ਮਨਜੀਤ ਕੌਰ ਨੇ ਸਨੌਰ ਮੰਡੀ ਨੇੜੇ ਇੱਕ ਖੇਤਾਂ ਵਿੱਚ ਲੱਗੀ ਅੱਗ ਨੂੰ ਤੁਰੰਤ ਬੁਝਵਾਇਆ। ਉਨ੍ਹਾਂ ਦੇ ਨਾਲ ਮੌਜੂਦ ਕਲਸਟਰ ਅਫ਼ਸਰ ਈ.ਓ. ਲਖਬੀਰ ਸਿੰਘ, ਪੀ.ਐਸ.ਓ. ਗੁਰਦਾਸ ਸਿੰਘ ਤੇ ਡਰਾਇਵਰ ਜਗਦੀਸ਼ ਸਿੰਘ ਤੇ ਗਵਾਂਡੀ ਕਿਸਾਨਾਂ ਦੀ ਮਦਦ ਨਾਲ ਅੱਗ ਬੁਝਾਈ। ਉਨ੍ਹਾਂ ਨੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਜ਼ਿਲ੍ਹੇ ਭਰ ਵਿੱਚ ਹੋਰ ਕਈ ਥਾਈਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਵੀ ਪਰਾਲੀ ਤੇ ਝੌਨੇ ਦੀ ਰਹਿੰਦ-ਖੂੰਹਦ ਨੂੰ ਲਗਾਈ ਗਈ ਅੱਗ ਮੌਕੇ 'ਤੇ ਜਾ ਕੇ ਬੁਝਾਈ ਅਤੇ ਕਈ ਥਾਈਂ ਕਲਸਟਰ ਅਫ਼ਸਰਾਂ ਤੇ ਫੀਲਡ ਸਟਾਫ ਨੇ ਖੇਤਾਂ ਵਿੱਚ ਜਾਕੇ ਲਗਾਈ ਜਾ ਰਹੀ ਅੱਗ ਨੂੰ ਬੁਝਵਾਇਆ।
ਇਸੇ ਦੌਰਾਨ ਐਸ.ਡੀ.ਐਮ ਨਾਭਾ ਡਾ. ਇਸਮਤ ਵਿਜੇ ਸਿੰਘ, ਐਸ.ਡੀ.ਐਮ. ਸਮਾਣਾ ਤਰਸੇਮ ਚੰਦ, ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ, ਐਸ.ਡੀ.ਐਮ. ਦੂਧਨ ਸਾਧਾਂ ਕਿਰਪਾਲਵੀਰ ਸਿੰਘ, ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਕੁਮਾਰ ਸਮੇਤ ਸਾਰੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਅਤੇ ਖੇਤੀਬਾੜੀ ਵਿਭਾਗ ਸਮੇਤ ਪੰਚਾਇਤ ਵਿਭਾਗ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨੇ ਵੀ ਖੇਤਾਂ ਤੇ ਪਿੰਡਾਂ ਵਿੱਚ ਜਾਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਉਨਤ ਕਿਸਾਨ ਐਪ ਦਾ ਪੂਰਾ ਲਾਭ ਲੈਣ ਲਈ ਦੀ ਵੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪਟਿਆਲਾ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਕਿਸਾਨਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪਰਾਲੀ ਸਾੜਨ ਦੇ ਮਾੜੇ ਰੁਝਾਨ ਤੋਂ ਬਚਣ ਦੀ ਲੋੜ ਹੈ ਤਾਂ ਕਿ ਅਸੀਂ ਸਾਰੇ ਰਲਕੇ ਵਾਤਾਵਰਣ ਸੰਭਾਲ ਲਈ ਆਪਣਾ ਨਿੱਗਰ ਯੋਗਦਾਨ ਪਾ ਸਕੀਏ।
ਉਨ੍ਹਾਂ ਦੱਸਿਆ ਕਿ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਜ਼ਿਲ੍ਹੇ ਵਿੱਚ ਕਿਤੇ ਵੀ ਖੇਤ ਵਿੱਚ ਲੱਗਣ ਵਾਲੀ ਅੱਗ ਦੀ ਰਿਪੋਰਟ ਤੁਰੰਤ ਜ਼ਿਲ੍ਹਾ ਅਧਿਕਾਰੀਆਂ ਕੋਲ ਪੁੱਜ ਜਾਂਦੀ ਹੈ, ਇਸ ਲਈ ਕਿਸਾਨ ਅੱਗ ਨਾ ਲਗਾਉਣ ਤੇ ਹੋਣ ਵਾਲੇ ਜ਼ੁਰਮਾਨਿਆਂ, ਰੈਡ ਐਂਟਰੀ ਤੇ ਐਫ.ਆਈ.ਆਰ. ਤੇ ਹੋਰ ਕਾਰਵਾਈ ਤੋਂ ਬਚਣ।