Fwd: ਭਾਸ਼ਾ ਵਿਭਾਗ ਵੱਲੋਂ ਸਾਲ 2023 ਦੇ ਪੰਜਾਬੀ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ

ਭਾਸ਼ਾ ਵਿਭਾਗ ਵੱਲੋਂ ਸਾਲ 2023 ਦੇ ਪੰਜਾਬੀ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ
ਪਟਿਆਲਾ 8 ਅਕਤੂਬਰ :ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਰਾਹੀਂ ਹਰ ਸਾਲ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਪੁਸਤਕਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਤਹਿਤ ਵਿਭਾਗ ਵੱਲੋਂ ਸਾਲ 2023 ਦੇ ਵੱਖ-ਵੱਖ ਵੰਨਗੀਆਂ ਨਾਲ ਸਬੰਧਤ 10 ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ, ਨੇ ਦੱਸਿਆ ਕਿ ਇਹ ਪੁਰਸਕਾਰ ਨਵੰਬਰ 2024 ਦੇ ਪਹਿਲੇ ਹਫ਼ਤੇ ਪੰਜਾਬੀ ਮਾਹ ਦੇ ਰਾਜ ਪੱਧਰੀ ਉਦਘਾਟਨੀ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਲਈ ਪਿਛਲੇ ਸਾਲ ਦੌਰਾਨ ਛਪੀਆਂ ਪੁਸਤਕਾਂ ਦੀ ਸਰਵੋਤਮ ਪੁਸਤਕ ਪੁਰਸਕਾਰਾਂ ਲਈ ਮੰਗ ਕੀਤੀ ਗਈ ਸੀ ਅਤੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਵਿਸ਼ਾ ਮਾਹਿਰਾਂ ਤੋਂ ਇਨ੍ਹਾਂ ਪੁਸਤਕਾਂ ਦਾ ਮੁਲਾਂਕਣ ਕਰਵਾਇਆ ਗਿਆ ਅਤੇ ਸਰਵੋਤਮ ਪੁਸਤਕਾਂ ਦੀ ਚੋਣ ਕੀਤੀ ਗਈ। ਇਸ ਪੁਰਸਕਾਰ 'ਚ ਇਨਾਮੀ ਰਾਸ਼ੀ ਦੇ ਨਾਲ-ਨਾਲ ਇਕ ਪਲੇਕ ਅਤੇ ਸ਼ਾਲ ਭੇਂਟ ਕੀਤੀ ਜਾਵੇਗੀ।
ਸਾਲ 2023 ਨਾਲ ਸਬੰਧਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ) ਲਖਵਿੰਦਰ ਜੌਹਲ ਦੀ ਪੁਸਤਕ 'ਪਾਣੀ ਹੋਏ ਵਿਚਾਰ' ਨੂੰ, ਨਾਨਕ ਸਿੰਘ ਪੁਰਸਕਾਰ (ਨਾਵਲ) ਲੇਖਕ ਅਜ਼ੀਜ਼ ਸਰੋਏ ਦੀ ਪੁਸਤਕ 'ਆਪਣੇ ਲੋਕ' ਨੂੰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ) ਬਲਦੇਵ ਸਿੰਘ ਧਾਲੀਵਾਲ ਦੀ ਪੁਸਤਕ 'ਕੰਜ-ਕੁਆਰੀ ਧਰਤੀ (ਪੁਡੂਚੇਰੀ ਅਤੇ ਅੰਡੇਮਾਨ ਦੇ ਟਾਪੂਆਂ ਦਾ ਸਫ਼ਰ)' ਨੂੰ, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ ਟੀਕਾਕਾਰੀ/ਕੋਸ਼ਕਾਰੀ) ਰਾਕੇਸ਼ ਕੁਮਾਰ ਦੀ ਪੁਸਤਕ 'ਕ੍ਰਾਂਤੀਕਾਰੀ ਸ਼ੇਰ ਜੰਗ ਸ਼ੇਰਾਂ ਵਰਗਾ ਸ਼ੇਰ' ਨੂੰ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਡਾ. ਸਰਵਨ ਸਿੰਘ ਪਰਦੇਸੀ ਦੀ ਪੁਸਤਕ 'ਸੂਫ਼ੀ ਲਹਿਰ ਦਾ ਸਮਾਜਕ ਮਾਡਲ (ਖੁੱਲ੍ਹੀਆਂ ਅੱਖਾਂ ਦੇ ਸੁਪਨੇ)' ਨੂੰ, ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ (ਸੰਪਾਦਨ) ਹਰਦੀਪ ਬਾਵਾ ਦੀ ਪੁਸਤਕ 'ਨਾ ਨਰ ਨਾ ਨਾਰੀ' ਨੂੰ, ਡਾ.ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਵਾਸੂ ਦੀ ਪੁਸਤਕ 'ਗੁਰਮਤਿ: ਸੰਪੂਰਨ ਜੀਵਨ ਦਾ ਮਾਰਗ' ਨੂੰ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ), ਸਿਮਰਤ ਸੁਮੈਰਾ ਦੀ ਪੁਸਤਕ 'ਸੁਨਹਿਰੀ ਟਾਪੂ' (ਬਾਲ ਕਥਾ) ਨੂੰ, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਬੂਟਾ ਸਿੰਘ ਚੌਹਾਨ ਦੀ ਪੁਸਤਕ 'ਚੋਰ ਉਚੱਕੇ' (ਮਰਾਠੀ ਲੇਖਕ ਲਕਸ਼ਮਣ ਗਾਇਕਵਾੜਦੀ ਸਵੈ-ਜੀਵਨੀ) ਨੂੰ ਅਤੇ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਵਿਆਕਰਣ/ਭਾਸ਼ਾ ਵਿਗਿਆਨ/ਹਵਾਲਾ ਗ੍ਰੰਥ)ਨਿਹਾਲ ਸਿੰਘ ਮਾਨ ਦੀ ਪੁਸਤਕ 'ਗੁਰਬਾਣੀ ਲਿਪੀ ਗੁੱਝੇ ਭੇਦ' ਨੂੰ ਪ੍ਰਦਾਨ ਕੀਤੇ ਜਾਣਗੇ। ਦੱਸਣਯੋਗ ਹੈ ਕਿ ਉਕਤ ਪੁਰਸਕਾਰਾਂ ਲਈ ਵੱਖ-ਵੱਖ ਵੰਨਗੀਆਂ ਦੀਆਂ 144 ਪੁਸਤਕਾਂ ਪ੍ਰਾਪਤ ਹੋਈਆਂ ਸਨ।
ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਬਾਕੀ ਰਹਿੰਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ ਅਤੇ ਇਹ ਪੰਜਾਬੀ ਮਾਹ ਦੇ ਸਮਾਗਮਾਂ ਦੌਰਾਨ ਹੀ ਪ੍ਰਦਾਨ ਕਰ ਦਿੱਤੇ ਜਾਣਗੇ। ਉਨ੍ਹਾਂ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਇਸੇ ਤਰ੍ਹਾਂ ਨਿਰੰਤਰ ਯਤਨਸ਼ੀਲ ਰਹਿਣ ਦੀ ਅਪੀਲ  ਕੀਤੀ।
ਤਸਵੀਰ: ਸਰਵੋਤਮ ਪੁਰਸਕਾਰ ਜੇਤੂ ਪੁਸਤਕਾਂ ਦੇ ਸਰਵਰਕ