ਗੁਰੂ ਸਾਹਿਬਾਨ ਨੇ ਸਮੁੱਚੀ ਮਨੁੱਖਤਾ ਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ਦਾ ਸਿਧਾਂਤ ਦਿੱਤਾ-ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ

-ਸੰਤ ਈਸ਼ਰ ਸਿੰਘ ਤੇ ਸੰਤ ਕਿਸ਼ਨ ਸਿੰਘ ਰਾੜਾ ਸਾਹਿਬ ਦੀ ਯਾਦ 'ਚ 8 ਰੋਜ਼ਾ ਗੁਰਮਤਿ ਸਮਾਗਮ ਸੰਪੰਨ
-ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ 8 ਦਿਨ ਵੱਡੀ ਗਿਣਤੀ ਸੰਗਤ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ
ਪਟਿਆਲਾ 10 ਅਕਤੂਬਰ :  ਇਥੇ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਵਲੋਂ 8 ਦਿਨ ਲਗਾਤਾਰ ਕੀਤਾ ਗਿਆ ਧਾਰਮਿਕ ਕੀਰਤਨ ਸਮਾਗਮ ਸੰਪੰਨ ਹੋ ਗਿਆ ਹੈ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। 
ਮੋਦੀ ਕਾਲਜ ਨੇੜਲੇ ਗੁਰਦੁਆਰਾ ਐਮ.ਈ.ਐਸ. ਹਾਥੀ ਖ਼ਾਨਾ ਦੀ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਵਰ੍ਹੇ ਸੰਤ ਈਸ਼ਰ ਸਿੰਘ ਤੇ ਸੰਤ ਕਿਸ਼ਨ ਸਿੰਘ ਰਾੜਾ ਸਾਹਿਬ ਦੀ ਯਾਦ 'ਚ ਕਰਵਾਏ ਇਸ 8 ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਦੌਰਾਨ ਸੰਤ ਬਲਜਿੰਦਰ ਸਿੰਘ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲੜ ਲੱਗਣ ਦਾ ਸੁਨੇਹਾ ਦਿੱਤਾ।
ਸੰਤ ਬਲਜਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ, ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਬਾਣੀ ਤੇ ਦਸਮ ਗ੍ਰੰਥ, ਸੰਤ ਰਾੜਾ ਸਾਹਿਬ ਵਾਲਿਆਂ ਦਾ ਜੀਵਨ, ਸੰਗਤ ਦਾ ਫ਼ਲਸਫ਼ਾ, ਸਿੱਖ ਇਤਿਹਾਸ ਤੇ ਗੁਰਬਾਣੀ ਉਪਦੇਸ਼ ਦਾ ਵਿਖਿਆਨ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਮੁੱਚੀ ਮਾਨਵਤਾ ਨੂੰ ਏਕੇ ਦਾ ਪਾਠ ਪੜ੍ਹਾਉਂਦੇ ਹੋਏ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕਣ ਦਾ ਸਿਧਾਂਤ ਦਿੱਤਾ ਹੈ, ਜਿਸ ਉਪਰ ਚੱਲਣ ਦੀ ਲੋੜ ਹੈ।
ਸਮਾਗਮ ਦੌਰਾਨ ਜਥੇਦਾਰ ਸੰਤ ਕਸ਼ਮੀਰਾ ਸਿੰਘ ਗੁਰਦੁਆਰਾ ਸਿੱਧਸਰ ਅਲੌਹਰਾਂ, ਸੰਤ ਰੋਸ਼ਨ ਸਿੰਘ ਧਭਲਾਨ ਅਤੇ ਸੰਤ ਗੁਰਮੁੱਖ ਸਿੰਘ ਆਲੋਵਾਲ, ਸੰਤ ਰਣਜੀਤ ਸਿੰਘ ਢੀਂਗੀ, ਬਾਬਾ ਭਜਨ ਸਿੰਘ ਸੁਰਾਜਪੁਰ, ਸਿੰਘ ਸਭਾ ਦੇ ਹੈਡ ਗ੍ਰੰਥੀ ਭਾਈ ਗੁਰਚਰਨ ਸਿੰਘ ਤੇ ਭਾਈ ਸੁਰਿੰਦਰ ਸਿੰਘ ਨੇ ਵੀ ਗੁਰਬਾਣੀ ਕੀਰਤਨ ਸਰਵਣ ਕਰਵਾਇਆ।
ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਰਾੜਾ ਸਾਹਿਬ ਟਰੱਸਟ ਦੇ ਸਕੱਤਰ ਰਣਧੀਰ ਸਿੰਘ ਢੀਂਡਸਾ, ਗਿਆਨੀ ਰਣਜੀਤ ਸਿੰਘ ਕਰਹਾਲੀ ਸਾਹਿਬ, ਏ.ਪੀ.ਆਰ.ਓ. ਪਟਿਆਲਾ ਹਰਦੀਪ ਸਿੰਘ, ਗੁਰਦੁਆਰਾ ਸਿੰਘ ਸਭਾ ਮਾਲ ਰੋਡ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀ.ਐਸ. ਬੇਦੀ, ਇੰਦਰਮੋਹਨ ਸਿੰਘ ਬਜਾਜ, ਬਰਜਿੰਦਰ ਸਿੰਘ ਵਾਲੀਆ ਦਿਵਾਨ, ਨਰਿੰਦਰ ਸਿੰਘ ਸਹਿਗਲ, ਭਜਨ ਸਿੰਘ ਉਬਰਾਏ, ਗੁਰਦੁਆਰਾ ਐਮ.ਈ.ਐਸ. ਹਾਥੀ ਖਾਨਾ ਕਮੇਟੀ ਵੱਲੋਂ ਡਾ. ਦਰਸ਼ਨ ਸਿੰਘ ਘੁੰਮਣ, ਦੇਵਿੰਦਰ ਸਿੰਘ ਭੋਲਾ, ਸੁਖਵਿੰਦਰ ਸਿੰਘ ਸੁੱਖੀ, ਹਰਦੀਪ ਸਿੰਘ ਨਰਾਇਣ ਚੱਕੀ, ਹਰਪਾਲ ਸਿੰਘ, ਅਮਰਜੋਤ ਸਿੰਘ ਅਤੇ ਹੋਰ ਸੰਗਤਾਂ ਵੱਡੀ ਗਿਣਤੀ 'ਚ ਮੌਜੂਦ ਸਨ।