ਓਵਰਲੋਡ ਬੱਸਾਂ ਤੇ ਹੋਰ ਵਾਹਨਾਂ ਦੇ ਕੀਤੇ ਚਲਾਨ
ਹੁਸ਼ਿਆਰਪੁਰ, 23 ਅਕਤੂਬਰ: ਰਿਜਨਲ ਟਰਾਂਸਪੋਰਟ ਅਫ਼ਸਰ ਆਰ.ਐਸ. ਗਿੱਲ ਨੇ ਅੱਜ ਦੱਸਿਆ ਕਿ ਕਮਾਹੀ ਦੇਵੀ, ਦਾਤਾਰਪੁਰ ਅਤੇ ਤਲਵਾੜਾ ਖੇਤਰਾਂ ਵਿੱਚ ਓਵਰਲੋਡ ਬੱਸਾਂ ਕਾਰਨ ਸਵਾਰੀਆਂ ਦੀ ਸੁਰੱਖਿਆ ਨੂੰ ਪੈਦਾ ਹੋ ਰਹੇ ਖ਼ਤਰੇ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ ਵ੍ਹੀਕਲਾਂ ਦੇ ਚਲਾਨ ਕੱਟੇ ਗਏ।
ਆਰ.ਟੀ.ਓ. ਨੇ ਦੱਸਿਆ ਕਿ ਝੀਰ ਦੀ ਖੂਹੀ ਬੱਸ ਸਟੈਂਡ ਤੋਂ ਸਕੂਲ-ਕਾਲਜ ਜਾਣ ਵਾਲੇ ਬੱਚਿਆਂ ਨੂੰ ਬੱਸਾਂ ਦੇ ਉੱਪਰ ਬਿਠਾਉਣ ਅਤੇ ਓਵਰਲੋਡਿੰਗ ਦੇ ਮਾਮਲੇ ਧਿਆਨ ਵਿਚ ਆਏ ਸਨ ਜਿਹੜੇ ਕਿ ਟਰੈਫਿਕ ਨਿਯਮਾਂ ਦੀ ਅਣਦੇਖੀ ਹੀ ਨਹੀਂ ਸਗੋਂ ਸਵਾਰੀਆਂ ਦੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾਉਂਦੇ ਸਨ। ਇਸ ਸਬੰਧੀ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਬੁੱਧਵਾਰ ਨੂੰ ਸਵੇਰੇ ਅਤੇ ਦੁਪਹਿਰ ਸਮੇਂ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਨ ਵਾਲੀਆਂ ਓਵਰਲੋਡ ਬੱਸਾਂ ਅਤੇ ਹੋਰ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਦੌਰਾਨ ਟਰਾਂਸਪੋਰਟਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਉਹ ਪਰਮਿਟ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਵਿੱਚ ਦਿੱਤੇ ਨਿਯਮਾਂ ਅਨੁਸਾਰ ਹੀ ਸਵਾਰੀਆਂ ਨੂੰ ਆਪਣੀਆਂ ਬੱਸਾਂ ਵਿੱਚ ਚੜ੍ਹਾਉਣ। ਕਿਸੇ ਵੀ ਹਾਲਤ ਵਿੱਚ ਸਵਾਰੀਆਂ ਨੂੰ ਬੱਸਾਂ ਦੇ ਉੱਪਰ ਜਾਂ ਪਿੱਛੇ ਲਟਕਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਭਵਿੱਖ ਵਿੱਚ ਇਸ ਤਰ੍ਹਾਂ ਦੀ ਸੂਚਨਾ ਦੁਬਾਰਾ ਮਿਲੀ ਤਾਂ ਕਾਨੂੰਨ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।