ਡਿਪਟੀ ਕਮਿਸ਼ਨਰ ਵਲੋਂ ਕਣਕ ਦੀ ਬਿਜਾਈ ਲਈ ਡੀ.ਏ.ਪੀ ਦੇ ਬਦਲ ਵਜੋਂ ਹੋਰ ਖਾਦਾਂ ਨੂੰ ਵਰਤਣ ਦਾ ਸੁਝਾਅ
ਹੁਸ਼ਿਆਰਪੁਰ, 30 ਅਕਤੂਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਣਕ ਦੀ ਬਿਜਾਈ ਲਈ ਡੀ.ਏ.ਪੀ. ਦੇ ਬਦਲ ਵਜੋਂ ਹੋਰ ਖਾਦਾਂ ਜਿਨ੍ਹਾਂ ਵਿਚ ਫਾਸਫੋਰਸ ਤੱਤਾਂ ਦੀ ਭਰਮਾਰ ਹੈ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਣ ਦੀ ਅਪੀਲ 'ਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਣਕ ਦੀ ਬਿਜਾਈ ਲਈ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਵਰਤਣ ਦਾ ਸੁਝਾਅ ਦਿੱਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਬਿਜਾਈ ਲਈ ਪ੍ਰਤੀ ਏਕੜ ਔਸਤ 55 ਕਿਲੋ ਡੀ.ਏ.ਪੀ. ਦੀ ਵਰਤੋਂ ਹੁੰਦੀ ਹੈ ਅਤੇ ਇਸ ਦੇ ਬਦਲ ਵਜੋਂ ਐਨ.ਪੀ.ਕੇ. 12:32:16, ਸਿੰਗਲ ਸੁਪਰ ਫਾਸਫੇਟ, ਐਨ.ਪੀ.ਕੇ. 16:16:16 ਅਤੇ ਐਨ.ਪੀ.ਕੇ.20:0:13 ਦੀ ਵਰਤੋਂ ਨਾਲ ਕਿਸਾਨ ਫਸਲ ਨੂੰ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰ ਸਕਦੇ ਹਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖਾਦ ਵਿਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਸੰਤੁਲਿਤ ਮਿਸ਼ਰਣ ਹੈ ਜਿਹੜਾ ਫ਼ਸਲ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਦੇ ਬਦਲ ਵਜੋਂ 16:16:16 ਇਕ ਬਿਹਤਰੀਨ ਖਾਦ ਹੈ ਜਿਹੜੀ 3 ਮੁੱਖ ਲੋੜੀਂਦੇ ਪੌਸ਼ਟਿਕ ਤੱਤ ਉਪਲਬੱਧ ਕਰਵਾਉਂਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੀ ਅਪੀਲ ਅਨੁਸਾਰ ਡੀ.ਏ.ਪੀ. ਦੇ ਬਦਲ ਵਜੋਂ ਹੋਰ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।