ਪੋਲੀਓ ਵੈਕਸੀਨ ਹਰ ਬੱਚੇ ਨੂੰ ਦਿੰਦੀ ਹੈ ਜੀਵਨ ਭਰ ਸੁਰੱਖਿਆ : ਡਾ. ਹਰਪ੍ਰੀਤ ਸਿੰਘ

ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਤਹਿਤ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੇ ਕੰਮਕਾਜ ਦੀ ਸੁਪਰਵੀਜ਼ਨ

ਨਵਾਂਸ਼ਹਿਰ, 3 ਮਾਰਚ 2024 :- ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ ਵਿੱਚ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਬਿਮਾਰੀ ਤੋਂ ਬਚਾਉਣ ਲਈ ਤਿੰਨ ਦਿਨਾ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਤਹਿਤ ਪੋਲੀਓ ਬੂੰਦਾਂ ਪਿਲਾਉਣ ਲਈ ਮੁਹਿੰਮ ਛੇੜੀ ਦਿੱਤੀ ਹੈ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਵੱਖ-ਵੱਖ ਬੂਥਾਂ 'ਤੇ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੇ ਕੰਮਕਾਜ ਦੀ ਸੁਪਰਵੀਜ਼ਨ ਕੀਤੀ ਤੇ ਇਸ 'ਤੇ ਤਸੱਲੀ ਪ੍ਰਗਟ ਕੀਤੀ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਹਰ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਦੀਆਂ ਸਿਹਤ ਟੀਮਾਂ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੋਲੀਓ ਵੈਕਸੀਨ ਹਰ ਬੱਚੇ ਨੂੰ ਜੀਵਨ ਭਰ ਸੁਰੱਖਿਆ ਪ੍ਰਦਾਨ ਕਰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆ ਨੂੰ ਪੋਲਿਓ ਰੋਕੂ ਬੂੰਦਾਂ ਪਿਲਾ ਕੇ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਦਾ ਸਹਿਯੋਗ ਕਰਨ।