Fwd: 'ਕੌਫ਼ੀ ਵਿਦ ਆਫ਼ੀਸਰ' ਪ੍ਰੋਗਰਾਮ 'ਚ ਜੁਆਇੰਟ ਕਮਿਸ਼ਨਰ ਮਨੀਸ਼ਾ ਰਾਣਾ ਨੌਜਵਾਨਾਂ ਦੇ ਹੋਏ ਰੂਬਰੂ

'ਕੌਫ਼ੀ ਵਿਦ ਆਫ਼ੀਸਰ' ਪ੍ਰੋਗਰਾਮ 'ਚ ਜੁਆਇੰਟ ਕਮਿਸ਼ਨਰ ਮਨੀਸ਼ਾ ਰਾਣਾ ਨੌਜਵਾਨਾਂ ਦੇ ਹੋਏ ਰੂਬਰੂ
-ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਸਿੱਖਿਆ ਤੇ ਰੁਜ਼ਗਾਰ ਲਈ ਨੌਜਵਾਨਾਂ ਦਾ ਕੀਤਾ ਮਾਰਗ ਦਰਸ਼ਨ
ਪਟਿਆਲਾ, 13 ਜੂਨ: ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ 'ਕੌਫ਼ੀ ਵਿਦ ਆਫ਼ੀਸਰ' ਪ੍ਰੋਗਰਾਮ 'ਚ ਅੱਜ ਨਗਰ ਨਿਗਮ ਪਟਿਆਲਾ ਦੇ ਜੁਆਇੰਟ ਕਮਿਸ਼ਨਰ ਮਨੀਸ਼ਾ ਰਾਣਾ ਆਈ.ਏ.ਐਸ. ਨੌਜਵਾਨਾਂ ਦੇ ਰੂਬਰੂ ਹੋਏ ਤੇ ਉਨ੍ਹਾਂ ਦਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਰੋਜ਼ਗਾਰ ਦੀ ਚੋਣ ਕਰਨ ਲਈ ਮਾਰਗ ਦਰਸ਼ਨ ਕੀਤਾ।
ਮੈਡਮ ਮਨੀਸ਼ਾ ਰਾਣਾ ਨੇ ਆਪਣੀ ਪੜ੍ਹਾਈ ਤੇ ਆਈ.ਏ.ਐਸ. ਬਣਨ ਦਾ ਸਫ਼ਰ ਅਤੇ ਨਿਜੀ ਤਜਰਬਾ ਸਾਂਝਾ ਕਰਦਿਆਂ ਨੌਜਵਾਨਾਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਵਿੱਚ ਸਫਲਤਾ ਲਈ ਮਿਹਨਤ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੀ ਤਿਆਰੀ ਲਈ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ 'ਚ ਸਫਲਤਾ ਲਈ ਚੰਗੀ ਕਿਤਾਬਾਂ ਪੜਨ ਦੇ ਸੁਝਾਅ ਵੀ ਦਿੱਤੇ।
ਉਨ੍ਹਾਂ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਆਪਣੇ ਟੀਚੇ ਨਿਰਧਾਰਤ ਕਰਨ ਸਮੇਂ ਆਪਣੀ ਰੁਚੀ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ, ਜੇਕਰ ਅਸੀ ਆਪਣੀ ਰੁਚੀ ਅਨੁਸਾਰ ਕੈਰੀਅਰ ਦੀ ਚੋਣ ਕਰਾਂਗੇ ਤਾਂ ਨਤੀਜੇ ਸਾਰਥਕ ਸਾਹਮਣੇ ਆਉਣਗੇ।
ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੌਜਵਾਨਾਂ ਦਾ ਮਾਰਗ ਦਰਸ਼ਨ ਕਰਨ ਲਈ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਦੀ ਸਰਪ੍ਰਸਤੀ ਹੇਠ ਏ.ਡੀ.ਸੀ. (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਦੀ ਅਗਵਾਈ ਵਿੱਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨਾਲ ਹਰ ਮਹੀਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਅਫ਼ਸਰਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ https://forms.gle/kF2swdxe8HUy3mtM6 ਲਿੰਕ ਉਪਰ ਰਜਿਸਟਰ ਕਰ ਸਕਦੇ ਹਨ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਬਲਾਕ-ਡੀ ਮਿੰਨੀ ਸਕੱਤਰੇਤ ਦੇ ਦਫ਼ਤਰ ਆ ਕੇ ਮਿਲ ਸਕਦੇ ਹਨ।
ਇਸ ਦੌਰਾਨ ਪੁੱਜੇ ਨੌਜਵਾਨ ਲੜਕੇ ਤੇ ਲੜਕੀਆਂ ਨੇ ਇਸ ਪ੍ਰੋਗਰਾਮ ਵਿਚ ਭਾਗ ਲੈ ਕੇ ਕਾਫੀ ਉਤਸਾਹਿਤ ਮਹਿਸੂਸ ਕੀਤਾ ਤੇ ਕੈਰੀਅਰ ਤੇ ਰੁਜ਼ਗਾਰ ਦੇ ਮੌਕੇ ਸਬੰਧੀ ਆਪਣੇ ਸ਼ੰਕੇ ਦੂਰ ਕਰਨ ਲਈ ਸਵਾਲ ਜਵਾਬ ਕੀਤੇ। ਪ੍ਰੋਗਰਾਮ ਮੌਕੇ ਡਿਪਟੀ ਸੀਈਓ ਸਤਿੰਦਰ ਸਿੰਘ ਤੇ ਕੈਰੀਅਰ ਕਾਉਂਸਲਰ ਰੂਪਸੀ ਪਾਹੂਜਾ ਵੀ ਮੌਜੂਦ ਸਨ।
*********