ਲੋਕ ਸੇਵਾ 'ਚ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ
-ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ 18 ਮਹਿਲਾਵਾਂ ਨੂੰ ਦਿੱਤੀਆਂ ਸਿਲਾਈ ਮਸ਼ੀਨਾਂ
ਪਟਿਆਲਾ, 14 ਜੂਨ ()-ਡਿਪਟੀ ਕਮਿਸ਼ਨਰ ਸ਼ੋਕਤ ਅਹਿਮਦ ਪਰੇ ਨੇ ਕਿਹਾ ਕਿ ਲੋਕ ਸੇਵਾ ਵਿਚ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ ਹੈ। ਜ਼ਿਲਾ ਪ੍ਰਸ਼ਾਸ਼ਨ ਵਲੋਂ ਸਮਾਜ ਸੇਵਾ ਦੇ ਕਾਰਜਾਂ ਵਿਚ ਜੁਟੀਆਂ ਸੰਸਥਾਵਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਦਿੱਤਾ ਜਾਂਦਾ ਰਹੇਗਾ। ਇਹ ਸੰਸਥਾਵਾਂ ਸਮਾਜ ਦਾ ਇਕ ਅਹਿਮ ਅੰਗ ਹਨ ਜੋ ਕਿ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੀਆਂ ਹਨ। ਪਟਿਆਲਾ ਸ਼ਹਿਰ ਦੀਆਂ ਸੰਸਥਾਵਾਂ ਖੂਨਦਾਨ, ਰਾਸ਼ਨ ਵੰਡ, ਐਜੂਕੇਸ਼ਨ, ਸਿਹਤ ਅਤੇ ਵਾਤਾਵਰਣ ਦੇ ਖੇਤਰ ਵਿਚ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੀ ਪਟਿਆਲਾ ਵਿਚ ਸੇਵਾ ਦੇ ਵੱਡੇ ਕਾਰਜ ਕਰ ਰਿਹਾ ਹੈ। ਇਸ ਕਲੱਬ ਵਲੋਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਰੋਟਰੀ ਭਵਨ ਵਿਖੇ ਜੋ ਸਿਲਾਈ ਕਢਾਈ ਟ੍ਰੇਨਿੰਗ ਸੈਂਟਰ ਖੋਲ੍ਹਿਆ ਗਿਆ ਹੈ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਕਲੱਬ ਵਲੋਂ ਸਿਲਾਈ ਕਢਾਈ ਦਾ ਕੋਰਸ ਕਰਵਾਉਣ ਤੋਂ ਬਾਅਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਦੇ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ ਬੇਹੱਦ ਸ਼ਲਾਘਾਯੋਗ ਹੈ। ਸ਼ੌਕਤ ਅਹਿਮਦ ਪਰੇ ਇਥੇ ਐਸ. ਐਸ. ਟੀ. ਨਗਰ ਸਥਿਤ ਰੋਟਰੀ ਭਵਨ ਵਿਖੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਸਿਲਾਈ ਕਢਾਈ ਦੀ ਟ੍ਰੇਨਿੰਗ ਲੈਣ ਵਾਲੀਆਂ 18 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡਣ ਤੋਂ ਬਾਅਦ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਹ ਪ੍ਰੋਗਰਾਮ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਅਤੇ ਡੇਅਰੀ ਡਿਵੈਲਪਮੈਂਟ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਅਸ਼ੋਕ ਰੌਣੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਸੀਨੀਅਰ ਰੋਟੇਰੀਅਨ ਐਨ. ਕੇ. ਜੈਨ ਇਸ ਪ੍ਰੋਜੈਕਟ ਦੇ ਚੇਅਰਮੈਨ ਸਨ। ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਦੇਣ ਤੋਂ ਬਾਅਦ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰ ਰਹੀਆਂ ਹਨ। ਪਟਿਆਲਾ ਕੋਈ ਉਦਯੋਗਿਕ ਸ਼ਹਿਰ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਇਸ ਸ਼ਹਿਰ ਦੀਆਂ ਸੰਸਥਾਵਾਂ ਸਮਾਜ ਸੇਵਾ ਦੇ ਹਰ ਖੇਤਰ ਵਿਚ ਵੱਡੇ ਕਾਰਜ ਕਰ ਰਹੀਆਂ ਹਨ ਅਤੇ ਸਮਾਜ ਨੂੰ ਉਸ ਦਾ ਬਹੁਤ ਵੱਡਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲ ਪੰਜਾਬ ਸਰਕਾਰ ਸਮਾਜ ਸੇਵੀ ਸੰਸਥਾਵਾਂ ਨੂੰ ਵਿਸ਼ੇਸ਼ ਮਾਣ ਸਨਮਾਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪਟਿਆਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਹਰ ਮਾਣ ਸਨਮਾਨ ਦੇਣ ਲਈ ਅਤੇ ਇਨ੍ਹਾਂ ਸੰਸਥਾਵਾਂ ਦਾ ਸਮਾਜ ਦੇ ਹਿੱਤ ਵਿਚ ਹੋਰ ਬਿਹਤਰੀਨ ਇਸਤੇਮਾਲ ਕਰਨ ਲਈ ਡੀ. ਸੀ. ਦਫ਼ਤਰ ਵਿਖੇ ਇਕ ਵਿਸ਼ੇਸ਼ ਐਨ. ਜੀ. ਓ. ਸੈਲ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਵੱਖ ਵੱਖ ਖੇਤਰ ਵਿਚ ਕੰਮ ਕਰਨ ਵਾਲੀਆਂ ਇਨ੍ਹਾਂ ਸੰਸਥਾਵਾਂ ਦਾ ਡਾਟਾ ਤਿਆਰ ਕਰਕੇ ਸਮਾਜ ਦੇ ਹਿੱਤ ਵਿਚ ਇਨ੍ਹਾਂ ਸੰਸਥਾਵਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਦੇ ਇਸ ਪ੍ਰੋਗਰਾਮ ਵਿਚ ਆ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਹੈ। ਇਸ ਕਲੱਬ ਵਲੋਂ ਰੋਟਰੀ ਭਵਨ ਵਿਖੇ ਜੋ ਸਿਲਾਈ ਕਢਾਈ ਸੈਂਟਰ ਖੋਲ੍ਹਿਆ ਗਿਆ ਹੈ, ਉਸ ਦਾ ਜ਼ਰੂਰਤਮੰਦ ਮਹਿਲਾਵਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਇਸ ਮੌਕੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਅਸ਼ੋਕ ਰੌਣੀ ਨੇ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚਣ 'ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਧੰਨਵਾਦ ਕਰਦਿਆਂ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਅਸ਼ੋਕ ਰੌਣੀ ਨੇ ਕਿਹਾ ਕਿ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਹਮੇਸ਼ਾ ਜ਼ਿਲਾ ਪ੍ਰਸ਼ਾਸ਼ਨ ਦੇ ਨਾਲ ਮਿਲ ਕੇ ਸੇਵਾ ਦੇ ਕਾਰਜ ਕਰਦਾ ਹੈ। ਕਲੱਬ ਵਲੋਂ ਹੜ੍ਹਾਂ ਦੌਰਾਨ ਰਾਸ਼ਨ ਵੰਡ ਵਿਚ ਅਹਿਮ ਯੋਗਦਾਨ ਪਾਇਆ ਗਿਆ। ਇਸ ਤੋਂ ਇਲਾਵਾ ਲੰਘੀਆਂ ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਜਾਗਰੁਕ ਕਰਨ ਲਈ ਰੈਲੀਆਂ ਕੀਤੀਆਂ ਗਈਆਂ ਅਤੇ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ। ਵੋਟਿੰਗ ਵਾਲੇ ਦਿਨ ਕਲੱਬ ਵਲੋਂ ਐਸ. ਐਸ. ਟੀ. ਨਗਰ ਦੇ ਪੋÇਲੰਗ ਬੂਥਾਂ 'ਤੇ ਛਬੀਲਾਂ ਲਾਈਆਂ ਗਈਆਂ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ਼ ਦਵਾਇਆ ਕਿ ਰੋਟਰੀ ਕਲੱਬ ਪ੍ਰਸ਼ਾਸ਼ਨ ਨਾਲ ਮਿਲ ਕੇ ਲਗਾਤਾਰ ਸੇਵਾ ਕਾਰਜ ਕਰਦਾ ਰਹੇਗਾ। ਕਲੱਬ ਦੇ ਸਕੱਤਰ ਐਨ. ਐਸ. ਢੀਂਡਸਾ ਨੇ 1 ਜੁਲਾਈ 2023 ਤੋਂ ਲੈ ਕੇ ਹੁਣ ਤੱਕ ਕਲੱਬ ਵਲੋਂ ਕੀਤੇ ਗਏ ਵੱਖ ਵੱਖ ਸੇਵਾ ਪ੍ਰੋਜੈਕਟਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ। ਇਸ ਪ੍ਰੋਜੈਕਟ ਦੇ ਚੇਅਰਮੈਨ ਰੋਟੇਰੀਅਨ ਐਨ. ਕੇ. ਜੈਨ ਨੇ ਕਿਹਾ ਕਿ ਪਿਛਲੇ 28 ਸਾਲਾਂ ਤੋਂ ਰੋਟਰੀ ਭਵਨ ਵਿਖੇ ਮੁਫਤ ਸਲਾਈ ਕਢਾਈ ਸੈਂਟਰ ਚੱਲ ਰਿਹਾ ਹੈ, ਜਿਸ ਤੋਂ ਟ੍ਰੇਨਿੰਗ ਲੈ ਕੇ ਹਜ਼ਾਰਾਂ ਮਹਿਲਾਵਾਂ ਅੱਜ ਆਪਣੇ ਸਵੈ ਰੁਜ਼ਗਾਰ ਸਥਾਪਿਤ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਰੋਟਰੀ ਇੰਟਰਨੈਸ਼ਨਲ ਦੀਆਂ ਗਾਈਡਲਾਈਨਜ਼ ਅਨੁਸਾਰ ਸੇਵਾ ਪ੍ਰੋਜੈਕਟ ਕੀਤੇ ਜਾ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਰੋਟੇਰੀਅਨ ਦੇਵੀ ਦਿਆਲ ਗੋਇਲ, ਹਨੀਸ਼ ਗੋਇਲ, ਸਹਾਇਕ ਗਵਰਨਰ ਰਮਨਜੀਤ ਢਿੱਲੋਂ, ਰਾਕੇਸ਼ ਸਿੰਗਲਾ, ਤਰਸੇਮ ਬਾਂਸਲ, ਖਜ਼ਾਨਚੀ ਸੀ. ਏ. ਰਾਜੀਵ ਗੋਇਲ, ਕਰਨਲ ਜੇ. ਐਸ. ਥਿੰਦ, ਸਾਬਕਾ ਗਵਰਨਰ ਐਸ. ਆਰ. ਪਾਸੀ, ਸਾਬਕਾ ਪ੍ਰਧਾਨ ਭਗਵਾਨ ਦਾਸ ਗੁਪਤਾ, 2024-25 ਦੇ ਪ੍ਰਧਾਨ ਸ਼ੀਸ਼ਪਾਲ ਮਿੱਤਲ, ਜੀਵਨ ਗਰਗ, ਆਦੀਸ਼ ਬਜਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਰੋਟੇਰੀਅਨ ਹਾਜ਼ਰ ਸਨ।