ਅੰਮ੍ਰਿਤਸਰ ਜਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ 10 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ
2030 ਤੱਕ ਸੂਬੇ ਵਿੱਚ ਵਣਾਂ ਹੇਠ ਰਕਬਾ 7.5 ਫੀਸਦੀ ਕਰਨ ਦੀ ਇਕ ਨਵੀਂ ਪਹਿਲ
ਅੰਮ੍ਰਿਤਸਰ, 22 ਜੂਨ : ਰਾਜ ਸਰਕਾਰ ਵਲੋਂ ਚਾਲੂ ਵਿੱਤੀ ਸਾਲ ਦੌਰਾਨ ਜੰਗਲਾਤ ਵਿਭਾਗ ਪੰਜਾਬ ਮਾਨਸੂਨ ਸੀਜਨ ਦੌਰਾਨ ਸੂਬੇ ਭਰ ਵਿੱਚ 2.5 ਕਰੋੜ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਸਬੰਧੀ ਜੰਗਲਾਤ ਵਿਭਾਗ ਵਲੋਂ ਨਰਸਰੀਆਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਮਾਨਸੂਨ ਸੀਜਨ ਦੌਰਾਨ ਵੱਖ-ਵੱਖ ਵਿਭਾਗਾਂ ਵਿੱਚ ਮੌਜੂਦ ਖਾਲੀ ਥਾਵਾਂ ਵਿੱਚ ਪਲਾਂਟੇਸ਼ਨ ਕਰਵਾਉਣ ਲਈ ਬੂਟੇ ਮੁਹੱਈਆ ਕਰਵਾਏ ਜਾਣਗੇ।
ਇਸ ਸਬੰਧੀ ਜਿਲ੍ਹੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਦੇ ਹੋਏ ਵਿੱਤ ਕਮਿਸ਼ਨਰ, ਵਣ ਵਿਭਾਗ ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੰਜਾਬ ਵਿੱਚ ਵਣਾਂ ਹੇਠ ਰਕਬਾ ਘੱਟ ਕੇ 5.92 ਫੀਸਦੀ ਰਹਿ ਗਿਆ ਹੈ ਅਤੇ ਵਾਤਾਵਰਣ ਨੂੰ ਸੁਧਾਰਨ ਲਈ ਰਾਜ ਦਾ ਰੁੱਖਾਂ ਅਤੇ ਵਣਾਂ ਹੇਠ ਰਕਬਾ 2030 ਤੱਕ 7.5 ਫੀਸਦੀ ਕਰਨ ਲਈ ਸਰਕਾਰ ਵਲੋਂ ਇਕ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਵਣ ਭੂਮੀ ਤੋਂ ਇਲਾਵਾ ਗੈਰ ਵਣ ਭੂਮੀ ਤੇ ਵੀ ਵੱਡੇ ਪੱਧਰ ਤੇ ਬੂਟੇ ਲਗਾਏ ਜਾਣਗੇ ਅਤੇ ਇਸ ਕੰਮ ਲਈ ਪੰਚਾਇਤੀ ਰਕਬਿਆਂ ਦੀ ਮੁੱਖ ਭੂਮਿਕਾ ਹੋਵੇਗੀ। ਉਨਾਂ ਦੱਸਿਆ ਕਿ ਪੰਚਾਇਤਾਂ ਵਲੋਂ ਇਹ ਸੋਚਿਆ ਜਾਂਦਾ ਹੈ ਕਿ ਪੰਚਾਇਤੀ ਰਕਬੇ ਤੇ ਲਗਾਏ ਗਏ ਬੂਟਿਆਂ ਨਾਲ ਉਨਾਂ ਦਾ ਰਕਬਾ ਵਣਾਂ ਅਧੀਨ ਆ ਜਾਵੇਗਾ ਅਤੇ ਉਨਾਂ ਨੂੰ ਇਸ ਰਕਬੇ ਤੋਂ ਰੁੱਖ ਕੱਟਣ ਦੀ ਪਾਬੰਦੀ ਹੋ ਜਾਵੇਗੀ, ਜਿਸ ਕਰਕੇ ਉਹ ਪੰਚਾਇਤੀ ਜ਼ਮੀਨਾਂ ਤੇ ਬੂਟੇ ਲਗਾਉਣ ਤੋਂ ਗੁਰੇਜ ਕਰਦੇ ਹਨ। ਉਨਾਂ ਸਪੱਸ਼ਟ ਕਰਦਿਆਂ ਕਿਹਾ ਕਿ ਪੰਚਾਇਤੀ ਭੂਮੀ ਤੇ ਪਲਾਂਟੇਸ਼ਨ ਵਾਲੇ ਰਕਬੇ ਨੂੰ ਵਣ ਵਿਭਾਗ ਵਲੋਂ ਕਿਸੇ ਵੀ ਵਣ ਕਾਨੂੰਨ ਤਹਿਤ ਜੰਗਲਾਤ ਕੋਸ਼ਿਸ਼ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਲਗਾਏ ਗਏ ਬੂਟਿਆਂ ਨੂੰ ਕੱਟਣ ਵੇਲੇ ਵਣ ਵਿਭਾਗ ਵਲੋਂ ਕੋਈ ਪਾਬੰਦੀ ਹੋਵੇਗੀ। ਉਨਾਂ ਇਹ ਵੀ ਸਪੱਸ਼ਟ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਪੰਚਾਇਤਾਂ ਵਲੋਂ ਰਕਬੇ ਤੋਂ ਕੱਟੇ ਗਏ ਰੁੱਖਾਂ ਤੋਂ ਹੋਈ ਆਮਦਨ ਪੂਰੀ ਤਰ੍ਹਾਂ ਹਕਦਾਰ ਪੰਚਾਇਤਾਂ ਹੀ ਹੋਣਗੀਆਂ। ਉਨਾਂ ਇਹ ਸਪੱਸ਼ਟ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਹੀ ਸਕੂਲਾਂ ਵਿੱਚ ਲਗਾਏ ਗਏ ਬੂਟਿਆਂ ਨੂੰ ਲੋੜ ਪੈਣ ਤੇ ਸਕੂਲੀ ਵਿਭਾਗ ਵਲੋਂ ਕੱਟਿਆ ਜਾ ਸਕੇਗਾ ਅਤੇ ਇਸ ਸਬੰਧੀ ਵੀ ਐਨ.ਓ.ਸੀ. ਵਣ ਵਿਭਾਗ ਤੋਂ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਉਨਾਂ ਕਿਹਾ ਕਿ ਇਨਾਂ ਲਗਾਏ ਗਏ ਪੌਦਿਆਂ ਉਤੇ ਪੂਰੀ ਤਰ੍ਹਾਂ ਸਕੂਲ ਦਾ ਹੀ ਅਧਿਕਾਰ ਹੋਵੇਗਾ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਥਾਵਾਂ ਵਿੱਚ ਪਲਾਂਟੇਸ਼ਨ ਕਰਵਾਉਣ ਲਈ 10 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਨ੍ਹਾਂ ਬੂਟਿਆਂ ਨਾਲ ਵਾਤਾਵਰਨ ਸਾਫ਼-ਸੁਥਰਾ ਰਹੇਗਾ ਤੇ ਭਵਿੱਖ ਵਿੱਚ ਗਰਮੀ ਤੋਂ ਰਾਹਤ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਲਾਹੇਵੰਦ ਹੋਣਗੇ। ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਜਿਲ੍ਹੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਇਸ ਸਬੰਧੀ ਬੀ.ਐਸ.ਐਫ. ਦਾ ਸਹਿਯੋਗ ਵੀ ਲਿਆ ਜਾਵੇ। ਉਨਾਂ ਕਿਹਾ ਕਿ ਸਮੂਹ ਵਿਭਾਗ ਆਪਣੀਆਂ ਖਾਲੀ ਪਈਆਂ ਥਾਵਾਂ ਤੇ ਬੂਟੇ ਲਗਾਉਣ ਲਈ ਨਿਸ਼ਾਨਦੇਹੀ ਕਰਨ ਅਤੇ ਆਪਣੀ ਜ਼ਰੂਰਤ ਅਨੁਸਾਰ ਜੰਗਲਾਤ ਵਿਭਾਗ ਤੋਂ ਬੂਟੇ ਪ੍ਰਾਪਤ ਕਰਨ।
ਉਨਾਂ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸੰਦੀਪ ਮਲਹੋਤਰਾ ਨੂੰ ਕਿਹਾ ਕਿ ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹੇ ਵਿੱਚ ਪਲਾਂਟੇਸ਼ਨ ਕਰਵਾਉਣ ਲਈ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਹਰੇਕ ਖਾਲੀ ਥਾਂ ਭਾਵ ਸਰਕਾਰੀ ਬਿਲਡਿੰਗਾਂ, ਹਸਤਪਤਾਲ, ਸਕੂਲ, ਪੰਚਾਇਤੀ ਜ਼ਮੀਨ ਰੋਡ ਸਾਈਡ ਜਿਸ ਉਪਰ ਪਲਾਟੇਸ਼ਨ ਕਰਵਾਈ ਜਾ ਸਕੇ ਦੀ ਸ਼ਨਾਖਤ ਕਰਨ ਦੇ ਆਦੇਸ਼ ਦਿੱਤੇ ਗਏ ਤਾਂ ਜੋ ਉਨਾਂ ਨੂੰ ਜ਼ਰੂਰਤ ਅਨੁਸਾਰ ਪੌਦੇ ਮੁਹੱਈਆ ਕਰਵਾਏ ਜਾ ਸਕਣ। ਉਨਾਂ ਦੱਸਿਆ ਕਿ ਕੇਵਲ ਪੌਦੇ ਲਗਾਉਣ ਤੱਕ ਹੀ ਕੰਮ ਸੀਮਤ ਨਹੀਂ ਰਹਿਣਾ ਚਾਹੀਦਾ ਬਲਕਿ ਇਨਾਂ ਦੀ ਦੇਖਭਾਲ ਕਰਨਾ ਵੀ ਸਾਡਾ ਫਰਜ਼ ਹੈ। ਉਨਾਂ ਕਿਹਾ ਕਿ ਸਾਡਾ ਸਭ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਈਏ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਵੱਛ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਮੀਨਾਂ ਨਾਲ ਲੱਗਦੀਆਂ ਸੜਕਾ ਦੇ ਬਰਮਾਂ ਉੱਪਰ ਲਗਾਏ ਗਏ ਬੂਟਿਆਂ ਨੂੰ ਬਚਾਉਣ ਲਈ ਪੂਰਨ ਸਹਿਯੋਗ ਦੇਣ। ਇਸ ਨਾਲ ਮਗਨਰੇਗਾ ਸਕੀਮ ਅਧੀਨ ਜਾਬ ਕਾਰਡ ਹੋਲਡਰਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਿੱਤਾ ਜਾ ਸਕੇਗਾ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ, ਐਸ.ਡੀ.ਐਮਜ਼. ਸ: ਅਰਵਿੰਦਰ ਪਾਲ ਸਿੰਘ, ਸ: ਮਨਕੰਵਲ ਸਿੰਘ ਚਾਹਲ, ਸ: ਰਵਿੰਦਰ ਸਿੰਘ ਅਰੋੜਾ, ਕੰਜ਼ਰਵੇਟਰ ਡਵੀਜ਼ਨਲ ਅਫਸਰ ਜੰਗਲਾਤ ਵਿਭਾਗ ਸ੍ਰੀ ਐਸ ਕੇ ਸਾਗਰ, ਸਿਵਲ ਸਰਜਨ ਡਾ. ਸੁਮਿਤ ਸਿੰਘ, ਐਕਸੀਐਨ ਨਹਿਰੀ ਵਿਭਾਗ ਸ੍ਰੀ: ਕੁਲਵਿੰਦਰ ਸਿੰਘ,ਐਕਸੀਐਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਸੁਖਦੇਵ ਸਿੰਘ, ਜਿਲ੍ਹਾ ਜੰਗਲਾਤ ਅਫ਼ਸਰ ਸ: ਅਮਨੀਤ ਸਿੰਘ, ਐਕਸੀਐਨ ਪੀ.ਡਬਲਯੂ.ਡੀ. ਸ: ਇੰਦਰਜੀਤ ਸਿੰਘ, ਪ੍ਰਿੰਸੀਪਲ ਆਈ.ਟੀ.ਆਈ. ਕੈਪਟਨ ਸੰਜੀਵ ਸ਼ਰਮਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ ਵਿੱਤ ਕਮਿਸ਼ਨਰ, ਵਣ ਵਿਭਾਗ ਸ੍ਰੀ ਕ੍ਰਿਸ਼ਨ ਕੁਮਾਰ ਪਲਾਂਟੇਸ਼ਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।