ਨਵਾਂਸ਼ਹਿਰ, 24 ਜੂਨ :- ਡਾ. ਅਕਸ਼ਿਤਾ ਗੁਪਤਾ, ਆਈ.ਏ.ਐਸ., ਉਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਵਲੋਂ ਸਬ ਡਵੀਜ਼ਨ ਨਵਾਂਸ਼ਹਿਰ ਦੇ ਉਪ ਮੰਡਲ ਅਫ਼ਸਰ, ਡਰੇਨਜ਼ ਵਿਭਾਗ, ਨਵਾਂਸ਼ਹਿਰ, ਕਾਰਜਸਾਧਕ ਅਫ਼ਸਰ, ਨਗਰ ਕੌਂਸਲ, ਨਵਾਂਸ਼ਹਿਰ/ਰਾਹੋਂ, ਜ਼ਿਲ੍ਹਾ ਸਿੱਖਿਆ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ, ਸਹਾਇਕ ਫੂਡ ਸਪਲਾਈ ਅਫ਼ਸਰ, ਬੀ.ਡੀ.ਪੀ.ਓਜ, ਅਤੇ ਤਹਿਸੀਲਦਾਰ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਹਨਾਂ ਨੇ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਡਰੇਨਾਂ/ਨਾਲੀਆਂ/ਸੀਵਰੇਜ਼ ਦੀ ਸਫਾਈ ਸਬੰਧੀ ਉਪ ਮੰਡਲ ਅਫ਼ਸਰ, ਡਰੇਨਜ਼ ਵਿਭਾਗ, ਨਵਾਂਸ਼ਹਿਰ ਅਤੇ ਕਾਰਜਸਾਧਕ ਅਫ਼ਸਰ, ਨਗਰ ਕੌਂਸਲ ਨਵਾਂਸ਼ਹਿਰ/ਰਾਹੋਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਤਹਿਸੀਲਦਾਰ, ਨਵਾਂਸ਼ਹਿਰ ਨੂੰ ਸਬ ਡਵੀਜ਼ਨ ਪੱਧਰ ਤੇ ਫਲੱਡ ਕੰਟਰੋਲ ਰੂਮ ਸਥਾਪਿਤ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਨੰਗਲ ਡੈਮ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ ਗਿਆ ਤਾਂ ਜੋ ਕਿਸੇ ਵੀ ਸਮੇਂ ਡੈਮ ਤੋਂ ਪਾਣੀ ਛੱਡਿਆ ਜਾਵੇ ਤਾਂ ਹੜ੍ਹ ਆਉਣ ਦੀ ਸਥਿਤੀ ਸਮੇਂ ਆਮ ਜਨਤਾ ਨੂੰ ਹੜ੍ਹ ਵਾਲੇ ਸਥਾਨ ਤੋਂ ਬਦਲ ਕੇ ਨੇੜੇ ਸਥਾਪਿਤ ਕੀਤੇ ਗਏ ਰਾਹਤ ਕੇਂਦਰਾਂ ਵਿੱਚ ਸ਼ਿਫਟ ਕੀਤਾ ਜਾ ਸਕੇ। ਸਹਾਇਕ ਫੂਡ ਸਪਲਾਈ ਅਫ਼ਸਰ ਨੂੰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਆਮ ਜਨਤਾ ਦੀ ਸਹੂਲਤ ਲਈ ਖਾਣ ਪੀਣ ਦੇ ਰਾਸ਼ਨ, ਗੈਸ ਸਿਲੰਡਰ, ਪੈਟਰੋਲ/ਡੀਜ਼ਲ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ। ਪਸ਼ੂਆਂ ਨੂੰ ਦਵਾਈ ਅਤੇ ਹਰੇ ਚਾਰੇ ਦੇ ਪ੍ਰਬੰਧ ਲਈ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੂੰ ਆਦੇਸ਼ ਦਿੱਤੇ ਗਏ। ਅੰਤ ਵਿੱਚ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਹੜ੍ਹ ਦੀ ਸਥਿਤੀ ਸਮੇਂ ਸਬ ਡਵੀਜ਼ਨ ਪੱਧਰ ਨਵਾਂਸ਼ਹਿਰ ਦੇ ਫਲੱਡ ਕੰਟਰੋਲ ਨੰਬਰ 01823-299016 ਤੇ ਸੰਪਰਕ ਕਰਨ ਤਾਂ ਜੋ ਸਮੇਂ ਸਿਰ ਆਮ ਜਨਤਾ ਦੀ ਮਦਦ ਕੀਤੀ ਜਾ ਸਕੇ।