ਸਵੈ-ਰੋਜਗਾਰ ਲੋਨ ਕੈਂਪ ਅਤੇ ਪਲੇਸਮੈਂਟ ਕੈਂਪ ਦਾ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਕੀਤਾ ਨਿਰੀਖਣ
ਨਵਾਂਸ਼ਹਿਰ, 26 ਜੂਨ :- ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਅਗਵਾਈ ਹੇਠ ਐਸ.ਸੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਜ਼ਿਲਾ ਰੋਜਗਾਰ ਉਤਪੱਤੀ ਅਤੇ ਹੁਨਰ ਸਿਖਲਾਈ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਵੈ ਰੋਜਗਾਰ ਲੋਨ ਕੈਂਪ ਲਗਵਾਇਆ ਗਿਆ। ਇਸ ਕੈਂਪ ਵਿੱਚ ਅਨੁਸੂਚਿਤ ਜਾਤੀ ਦੇ ਸਿਲਾਈ ਕਢਾਈ, ਬਿਊਟੀ ਪਾਰਲਰ, ਸਲੂਨ, ਮੋਬਾਈਲ ਰਿਪੇਅਰ, ਡੇਅਰੀ ਫਾਰਮਿੰਗ, ਵੈਲਡਰ, ਕਾਰਪੇਂਟਰ ਆਦਿ ਕਿੱਤਿਆਂ ਵਿੱਚ ਸਵੈ ਰੋਜਗਾਰ ਸ਼ੁਰੂ ਕਰਨ ਦੇ 65 ਚਾਹਵਾਨ ਉਮੀਦਵਾਰਾਂ ਵੱਲੋ ਆਪਣੇ ਦਸਤਾਵੇਜ਼ ਜਮਾਂ ਕਰਵਾਏ ਗਏ, ਜਿਹਨਾਂ ਵਿੱਚੋ 20 ਉਮੀਦਵਾਰਾਂ ਦੀਆਂ ਅਰਜੀਆਂ ਲੋਨ ਪ੍ਰੋਸੈਸ ਲਈ ਸਹੀ ਪਾਈਆਂ ਗਈਆਂ ਅਤੇ ਇਹਨਾਂ ਅਰਜੀਆਂ ਨੂੰ ਸਬਸਿਡੀ ਬੇਸਡ ਲੋਨ ਲਈ ਅੱਗੇ ਪ੍ਰੋਸੈਸ ਕਰ ਦਿੱਤਾ ਗਿਆ ਅਤੇ ਬਾਕੀ ਦੇ ਉਮੀਦਵਾਰਾਂ ਕੋਲ ਸਬੰਧਤ ਕਿੱਤੇ ਦੇ ਕਾਗਜਾਤ ਨਾ ਹੋਣ ਕਾਰਨ ਕੇਸਾਂ ਨੂੰ ਪ੍ਰੋਸੈਸ ਨਹੀ ਕੀਤਾ ਗਿਆ।
ਇਸ ਤੋ ਇਲਾਵਾ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਸੱਤਿਆ ਮਾਈਕਰੋ ਫਾਈਨਾਂਸ ਕੈਪੀਟਲ ਕੰਪਨੀ ਵੱਲੋ 24 ਉਮੀਦਵਾਰਾਂ ਦਾ ਇੰਟਰਵੀਊ ਲਿਆ ਗਿਆ ਜਿਸ ਵਿੱਚੋ 12 ਉਮੀਦਵਾਰਾਂ ਨੂੰ ਨੌਕਰੀ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੱਲੋ ਸ਼ਮੂਲੀਅਤ ਕਰਕੇ ਪ੍ਰਾਰਥੀਆਂ ਅਤੇ ਪਲੇਸਮੈਂਟ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਵੱਲੋ ਇਸ ਤਰ੍ਹਾਂ ਦੀਆਂ ਲੋਕ ਭਲਾਈ ਗਤੀਵਿਧੀਆਂ ਨੂੰ ਬਲਾਕ ਪੱਧਰ ਤੇ ਲਗਵਾਉਣ ਲਈ ਵੀ ਹਦਾਇਤ ਕੀਤੀ ਗਈ।ਇਸ ਮੌਕੇ ਜਿਲਾ ਰੋਜਗਾਰ ਉਤਪੱਤੀ, ਹੁਨਰ ਸਿਖਲਾਈ ਅਫਸਰ ਸੰਜੀਵ ਕੁਮਾਰ ਨਾਲ ਬਿਊਰੋ ਦਾ ਸਮੂਹ ਸਟਾਫ, ਐਸ.ਸੀ ਕਾਰਪੋਰੇਸ਼ਨ ਵੱਲੋ ਅਵਤਾਰ ਸਿੰਘ ਅਤੇ ਸੁਰਿੰਦਰ ਕੁਮਾਰ ਸਮੇਤ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਸ਼ੰਮੀ ਠਾਕੁਰ, ਸੁਮਿਤ ਸ਼ਰਮਾ ਅਤੇ ਰਾਜ ਕੁਮਾਰ ਮੌਜਦ ਸਨ।