ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਟਰੈਕਰ ਐਪ ਖ਼ਾਤਰ ਮਿਲੇਗਾ ਪ੍ਰਤੀ ਸਾਲ 2 ਹਜ਼ਾਰ ਰੁਪਏ ਦਾ
ਮੋਬਾਈਲ ਡੇਟਾ ਪੈਕੇਜ
ਨਵਾਂਸ਼ਹਿਰ, 4 ਜੂਨ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਮੰਤਰੀ
ਡਾ. ਬਲਜੀਤ ਕੌਰ ਵੱਲੋਂ ਆਂਗਣਵਾੜੀ ਵਰਕਰਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ
ਹਰੇਕ ਆਂਗਣਵਾੜੀ ਕੇਂਦਰ ਨੂੰ ਪ੍ਰਤੀ ਸਾਲ 2 ਹਜ਼ਾਰ ਰੁਪਏ ਦੇ ਮੋਬਾਈਲ ਡੈਟਾ ਪੈਕੇਜ ਦੀ
ਸਹੂਲਤ ਲਾਗੂ ਕੀਤੀ ਗਈ ਹੈ। ਸੂਬੇ ਵਿੱਚ ਕੁੱਲ ਮਨਜ਼ੂਰਸ਼ੁਦਾ ਆਂਗਣਵਾੜੀ ਸੈਂਟਰਾਂ ਦੀ
ਗਿਣਤੀ 27,314 ਹੈ। ਹਰੇਕ ਸਾਲ ਪ੍ਰਤੀ ਸੈਂਟਰ 2000 ਰੁਪਏ ਦੇ ਹਿਸਾਬ ਨਾਲ ਇਨ੍ਹਾਂ
ਆਂਗਣਵਾੜੀ ਕੇਦਰਾਂ ਨੂੰ ਹਰ ਸਾਲ 5,46,28000 ਦਾ ਡੇਟਾ ਪੈਕੇਜ ਦਿੱਤਾ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ
ਕਿ ਭਾਰਤ ਸਰਕਾਰ ਵੱਲੋਂ ਪੋਸ਼ਣ ਅਭਿਆਨ ਦੇ ਰਿਕਾਰਡ ਵਾਸਤੇ ਅਤੇ ਇਸ ਅਭਿਆਨ ਦੇ ਜ਼ਮੀਨੀ
ਪੱਧਰ 'ਤੇ ਨਿਰੀਖਣ ਲਈ ਪਿਛਲੇ ਸਮੇਂ 'ਪੋਸ਼ਣ ਟਰੈਕਰ' ਮੋਬਾਈਲ ਐਪ ਜਾਰੀ ਕੀਤੀ ਸੀ, ਜਿਸ
ਨੂੰ ਚਲਾਉਣ ਵਾਸਤੇ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਡੈਟਾ ਪੈਕੇਜ ਲੋੜੀਂਦਾ ਸੀ ।
ਸਰਕਾਰ ਵੱਲੋਂ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ ਪੱਲਿਓਂ
ਡੈਟਾ ਨਾ ਖ਼ਰਚਣਾ ਪਵੇ।
ਇਸ ਵਾਸਤੇ ਪੰਜਾਬ ਸਰਕਾਰ ਵੱਲੋਂ ਹਰੇਕ ਆਂਗਣਵਾੜੀ ਕੇਂਦਰ ਲਈ ਪ੍ਰਤੀ ਸਾਲ 2 ਹਜ਼ਾਰ
ਰੁਪਏ ਦੇ ਡੈਟਾ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੋਸ਼ਣ
ਅਭਿਆਨ ਤਹਿਤ ਆਂਗਣਵਾੜੀ ਕੇਂਦਰਾਂ ਰਾਹੀਂ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ
ਖੁਰਾਕ ਮੁਹੱਈਆ ਕਰਾਈ ਜਾਂਦੀ ਹੈ ਤਾਂ ਜੋ ਉਹ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ। ਇਸ ਅਭਿਆਨ
ਨੂੰ ਜ਼ਮੀਨੀ ਪੱਧਰ 'ਤੇ ਪਾਰਦਰਸ਼ਤਾ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਪੰਜਾਬ
ਸਰਕਾਰ ਵੱਲੋਂ ਵੀ ਇਸ ਐਪਲੀਕੇਸ਼ਨ ਦੀ ਵਰਤੋਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਤਾਂ ਜੋ
ਆਂਗਣਵਾੜੀ ਵਰਕਰ ਅਤੇ ਹੈਲਪਰ ਪੋਸ਼ਣ ਸਬੰਧੀ ਸਾਰਾ ਰਿਕਾਰਡ ਇਸ ਐਪ 'ਤੇ ਅਪਲੋਡ ਕਰ ਸਕਣ
ਤੇ ਹੁਣ ਸਮਰਪਿਤ ਡੇਟਾ ਪੈਕੇਜ ਆਂਗਣਵਾੜੀ ਵਰਕਰਾਂ ਨੂੰ ਮਿਲਣ ਨਾਲ ਇਸ ਅਭਿਆਨ ਨੂੰ ਹੋਰ
ਬਿਹਤਰ ਤਰੀਕੇ ਨਾਲ ਲਾਗੂ ਕਰਨ ਵਿੱਚ ਮਦਦ ਮਿਲੇਗੀ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਡੈਟਾ ਪੈਕੇਜ ਦੀ ਵੰਡ ਨੂੰ ਤੁਰੰਤ ਲਾਗੂ ਕੀਤਾ
ਜਾਵੇਗਾ, ਜਿਸ ਨਾਲ ਆਂਗਣਵਾੜੀ ਵਰਕਰਾਂ ਨੂੰ ਆਪਣੇ ਸਮਾਰਟਫ਼ੋਨ ਰਾਹੀਂ ਪੋਸ਼ਣ ਟਰੈਕਰ ਦੀ
ਬਿਹਤਰ ਵਰਤੋਂ ਕਰਨ ਦੇ ਯੋਗ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਅਤੇ
ਆਂਗਣਵਾੜੀ ਹੈਲਪਰਾਂ ਦੀ ਇਸ ਖੇਤਰ ਵਿੱਚ ਬਿਹਤਰੀਨ ਕਾਰਗੁਜ਼ਾਰੀ ਬਦਲੇ ਕ੍ਰਮਵਾਰ 500
ਰੁਪਏ ਅਤੇ 250 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਨਾਲ ਉਨ੍ਹਾਂ ਦਾ ਉਤਸ਼ਾਹ ਵਧਾਇਆ ਜਾਵੇਗਾ।