ਡੀ ਸੀ ਰੰਧਾਵਾ ਨੇ ਵੈੱਟ ਸਕ੍ਰਬਰ ਦੀ ਸਥਾਪਤੀ ਦਾ ਜਾਇਜ਼ਾ ਲੈਣ ਲਈ ਸ਼ੂਗਰ ਮਿੱਲ ਦਾ ਦੌਰਾ ਕੀਤਾ

ਕਿਹਾ ਕਿ ਸੁਆਹ ਦੀ ਸਮੱਸਿਆ ਬੀਤੇ ਸਮੇਂ ਦੀ ਗੱਲ ਹੋ ਜਾਵੇਗੀ, ਈ ਐਸ ਪੀ ਦੇ ਨਵੀਨੀਕਰਨ ਤੋਂ ਬਾਅਦ ਜੁਲਾਈ ਮਹੀਨੇ ਵਿੱਚ 'ਟੈਸਟ ਰਨ' ਕੀਤਾ ਜਾਵੇਗਾ
ਨਵਾਂਸ਼ਹਿਰ, 14 ਜੂਨ : ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਇੱਥੇ ਕਿਹਾ ਕਿ ਸਹਿਕਾਰੀ ਖੰਡ ਮਿੱਲ, ਨਵਾਂਸ਼ਹਿਰ ਦੇ ਕੰਪਲੈਕਸ ਵਿੱਚ ਚਲਾਏ ਜਾ ਰਹੇ ਜੈਵਿਕ ਬਾਲਣ ਆਧਾਰਿਤ ਪਾਵਰ ਪਲਾਂਟ ਤੋਂ ਨਿਕਲਣ ਵਾਲੀ ਸੁਆਹ ਦੀ ਸਮੱਸਿਆ ਜਲਦੀ ਹੀ ਬੀਤੇ ਸਮੇਂ ਦੀ ਗੱਲ ਹੋ ਜਾਵੇਗੀ ਕਿਉਂਕਿ ਵੈੱਟ ਸਕ੍ਰਬਰ ਲਗਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ।  ਅੱਜ ਕੋ-ਜਨਰੇਸ਼ਨ ਪਾਵਰ ਪਲਾਂਟ ਦਾ ਦੌਰਾ ਕਰਦਿਆਂ ਡੀ ਸੀ ਰੰਧਾਵਾ ਨੇ ਕਿਹਾ ਕਿ ਈ ਐਸ ਪੀ ਦੇ ਲੋੜੀਂਦੇ ਨਵੀਨੀਕਰਣ ਬਾਅਦ ਪਲਾਂਟ ਦਾ 'ਟੈਸਟ ਰਨ' ਜੁਲਾਈ ਦੇ ਦੂਜੇ ਹਫ਼ਤੇ ਵਿੱਚ ਕਰਵਾਇਆ ਜਾਵੇਗਾ। ਪਲਾਂਟ ਦੇ ਮੀਤ ਪ੍ਰਧਾਨ ਸ੍ਰੀ ਐਸ ਬੰਦੋਪਾਧਿਆਏ ਨੇ ਡਿਪਟੀ ਕਮਿਸ਼ਨਰ ਨੂੰ ਪਹਿਲਾਂ ਦੀ ਨੁਕਸਦਾਰ ਪ੍ਰਣਾਲੀ ਅਤੇ ਉਸ ਤੋਂ ਬਾਅਦ ਸਥਾਪਿਤ ਕੀਤੇ ਗਏ ਨਵੇਂ ਸਿਸਟਮ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ।  ਉਨ੍ਹਾਂ ਕਿਹਾ ਕਿ ਹੁਣ ਬਾਇਲਰ ਦੇ ਆਲੇ ਦੁਆਲੇ ਦੀ ਗਰਮੀ ਨੂੰ ਘੱਟ ਕਰਨ ਲਈ ਬਾਇਲਰਾਂ ਦੀ 'ਇਨਸੂਲੇਸ਼ਨ' ਪਰਤ ਦੀ ਪ੍ਰਕਿਰਿਆ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸਥਾਪਿਤ ਕੀਤੇ 'ਵੈੱਟ ਸਕ੍ਰਬਰ' ਦਾ 'ਸਮੋਕ ਟੈਸਟ' ਹੋ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਸ਼ੂਗਰ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸੁਰਿੰਦਰ ਪਾਲ ਤੋਂ ਵੀ ਫੀਡਬੈਕ ਲਈ, ਜਿਨ੍ਹਾਂ ਨੇ ਕੰਮ 'ਤੇ ਤਸੱਲੀ ਪ੍ਰਗਟਾਈ।  ਰੰਧਾਵਾ ਨੇ ਕੋ-ਜਨਰੇਸ਼ਨ ਪਲਾਂਟ ਮੈਨੇਜਮੈਂਟ ਨੂੰ ਸੁਆਹ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਾਕੀ ਰਹਿੰਦੇ ਲੋੜੀਂਦੇ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕਿਹਾ। ਉਨ੍ਹਾਂ ਨਵਾਂਸ਼ਹਿਰ ਵਾਸੀਆਂ ਨੂੰ ਪਲਾਂਟ ਤੋਂ ਨਿਕਲਣ ਵਾਲੀ ਸੁਆਹ ਦੀ ਸਮੱਸਿਆ ਦਾ ਮੁਕੰਮਲ ਹੱਲ ਕਰਨ ਦਾ ਭਰੋਸਾ ਦਿਵਾਉਂਦਿਆਂ ਸ਼ਹਿਰ ਵਾਸੀਆਂ ਦੇ ਨੁਮਾਇੰਦਿਆਂ ਨੂੰ ਜੁਲਾਈ ਮਹੀਨੇ ਹੋਣ ਵਾਲੇ ਟੈਸਟ ਨੂੰ ਦੇਖਣ ਦੀ ਅਪੀਲ ਵੀ ਕੀਤੀ।