ਸ਼ਹਿਰ ਦੇ ਵਿਕਾਸ ਲਈ 30 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ, ਪੰਜਾਬ ਸਰਕਾਰ ਵੱਲੋਂ ਸੀਵਰੇਜ ਪਾਉਣ 'ਤੇ ਦਿੱਤੀ ਜਾਵੇਗੀ 50 ਲੱਖ ਰੁਪਏ ਦੀ ਹੋਰ ਗ੍ਰਾਂਟ
ਗੜ੍ਹਸ਼ੰਕਰ, 27 ਜੂਨ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਦੇ ਆਪਣੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਐਲ.ਈ.ਡੀ ਲਾਈਟਾਂ ਅਤੇ ਬੈਂਚ ਲਗਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ। ਜਿਸ ਲਈ ਸੰਸਦ ਮੈਂਬਰ ਵੱਲੋਂ ਆਪਣੇ ਸੰਸਦੀ ਕੋਟੇ ਵਿੱਚੋਂ ਕੁੱਲ 11 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਇਸ ਮੌਕੇ ਬਾਬਾ ਗੁਰਦਿੱਤਾ ਸਿੰਘ ਪਾਰਕ, ਸ੍ਰੀ ਅਨੰਦਪੁਰ ਸਾਹਿਬ ਚੌਂਕ ਵਿਖੇ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਹਲਕਾ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਐਲ.ਈ.ਡੀ ਲਾਈਟਾਂ ਅਤੇ ਬੈਂਚ ਲਗਾਉਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਦੌਰਾਨ ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਆਪਣੇ ਸੰਸਦੀ ਕੋਟੇ ਵਿੱਚੋਂ 30 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਸੂਬਾ ਸਰਕਾਰ ਵੱਲੋਂ ਸ਼ਹਿਰ ਵਿੱਚ ਸੀਵਰੇਜ ਪਾਉਣ ਲਈ ਫੰਡ ਜਾਰੀ ਕੀਤੇ ਜਾਂਦੇ ਹਨ ਤਾਂ ਉਹ ਇਸ ਕੰਮ ਲਈ ਆਪਣੇ ਸੰਸਦੀ ਕੋਟੇ ਵਿੱਚੋਂ 50 ਲੱਖ ਰੁਪਏ ਦੀ ਗ੍ਰਾਂਟ ਹੋਰ ਦੇਣਗੇ।
ਇਸ ਤੋਂ ਪਹਿਲਾਂ, ਉਨ੍ਹਾਂ ਪਿੰਡ ਪੋਸੀ ਵਿਖੇ ਪਬਲਿਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ ਅਤੇ ਪਿੰਡ ਦੇ ਵਿਕਾਸ ਲਈ 4 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਸੌਂਪਿਆ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਹਲਕੇ ਦੇ ਵਿਕਾਸ ਵਿੱਚ ਫੰਡਾਂ ਦੀ ਘਾਟ ਨੂੰ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਪੰਜਾਬ ਕਾਂਗਰਸ ਦੇ ਸਕੱਤਰ ਐਡਵੋਕੇਟ ਪੰਕਜ ਕ੍ਰਿਪਾਲ, ਨਗਰ ਕੌਂਸਲ ਪ੍ਰਧਾਨ ਤ੍ਰਿੰਬਕ ਦੱਤ ਐਰੀ, ਨਗਰ ਕੌਂਸਲ ਗੜ੍ਹਸ਼ੰਕਰ ਦੇ ਈਓ ਰਾਜੀਵ ਸਰੀਨ, ਐਡਵੋਕੇਟ ਹਰਨਾਮ ਸਿੰਘ ਦਘਮ, ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਸਤਬੀਰ ਸਿੰਘ ਪੱਲੀਝਿੱਕੀ, ਕੌਂਸਲਰ ਹਰਪ੍ਰੀਤ ਸਿੰਘ, ਅਸ਼ਵਨੀ ਸ਼ੀਲਾ, ਸੁਰਿੰਦਰ ਰਾਣਾ, ਜੇ. ਰਾਣਾ, ਅਮਰਜੀਤ ਤਨੇਜਾ ਪ੍ਰਧਾਨ ਸ਼ਹਿਰੀ ਕਾਂਗਰਸ ਗੜ੍ਹਸ਼ੰਕਰ, ਪਰਮਜੀਤ ਸਿੰਘ ਸਾਬਕਾ ਕੌਂਸਲਰ, ਇੰਦਰਜੀਤ ਭਾਰਟਾ, ਅਮਨਦੀਪ ਬੈਂਸ, ਬਲਦੇਵ ਸਰਪੰਚ, ਰੋਹਿਤ ਕੁਮਾਰ, ਰੇਸ਼ਮ ਸਿੰਘ ਸਰਪੰਚ, ਡਾ: ਕੇਵਲ ਮੈਂਬਰ ਬਲਾਕ ਸਮਿਤੀ, ਵਰਿੰਦਰ ਸਿੰਘ, ਪਲਵਿੰਦਰ ਚੋਪੜਾ, ਲਾਲੀ ਸੈਲਾ, ਬੀ.ਡੀ.ਪੀ.ਓ ਗੜ੍ਹਸ਼ੰਕਰ, ਬੀ.ਡੀ.ਪੀ.ਓ. ਮਾਹਲਪੁਰ ਵੀ ਹਾਜ਼ਰ ਸਨ।