ਨਵਾਂਸ਼ਹਿਰ 16 ਜੂਨ : ਜਿਲ੍ਹਾ ਪੁਲਿਸ ਮੁੱਖੀ ਸ਼੍ਰੀ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 14-06-2023 ਨੂੰ ਵਿਜੇ ਕੁਮਾਰ ਪੁੱਤਰ ਸ਼੍ਰੀ ਗਿਰੀ ਰਾਜ ਵਾਸੀ ਪੰਦਿਰ ਕਲੌਨੀ ਸ਼ਾਹਪੁਰਾ, ਸੈਕਟਰ 65, ਫਰੀਦਾਬਾਦ ਹਰਿਆਣਾ ਜੋ ਆਪਣੀ ਪ੍ਰਾਈਵੇਟ ਸਵਿਫਟ ਗੱਡੀ ਨੰਬਰੀ 8R 51 2Z 6884 ਰੰਗ ਨੀਲਾ ਨੂੰ ਬਤੌਰ ਟੈਕਸੀ ਚਲਾਉਂਦਾ ਹੈ ਜੋ ਮਿਤੀ 14-06-2023 ਨੂੰ ਸਵਾਰੀਆਂ ਵਾਪਿਸ ਲੈ ਕੇ ਸ਼੍ਰੀਨਗਰ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਸੀ ਤਾਂ ਵਕਤ ਕਰੀਬ 08.30 PM ਤੇ ਉਹ ਸਮੇਤ ਸਵਾਰੀਆਂ ਸ਼ਿਵਾਲਿਕ ਵੈਸ਼ਨੂ ਹੋਟਲ, ਬਲਾਚੌਰ ਵਿਖੇ ਰੁਕਿਆ ਜੋ ਖਾਣਾ ਖਾਣ ਉਪਰੰਤ ਹੋਟਲ ਦੀ ਪਾਰਕਿੰਗ ਵਿੱਚ ਖੜੀ ਗੱਡੀ ਵਿੱਚ ਬੈਠਾ ਸੀ ਤਾਂ 02 ਨੌਜਵਾਨ ਆਏ ਜਿਨ੍ਹਾਂ ਵਿੱਚੋਂ 01 ਨੇ ਉਸ ਦੀ ਸ਼ਰਟ ਦਾ ਕਾਲਰ ਫੜ੍ਹ ਕੇ ਉਸ ਨੂੰ ਗੱਡੀ ਤੋਂ ਬਾਹਰ ਕੱਢ ਲਿਆ ਅਤੇ ਦੂਸਰੇ ਨੌਜਵਾਨ ਨੇ ਗੱਡੀ ਦੀ ਸੀਟ ਪਰ ਪਈ ਚਾਬੀ ਨਾਲ ਗੱਡੀ ਸਟਾਰਟ ਕਰ ਲਈ। ਜਿਸ ਉਪਰੰਤ ਦੋਨੋਂ ਨੌਜਵਾਨ ਗੱਡੀ ਖੋਹ ਕੇ ਮੌਕਾ ਤੋਂ ਫਰਾਰ ਹੋ ਗਏ। ਉਕਤ ਗੱਡੀ ਵਿੱਚ ਸਵਾਰੀਆਂ ਦਾ ਸਮਾਨ ਵੀ ਸੀ। ਜਿਸ ਤੇ ਵਿਜੇ ਕੁਮਾਰ ਦੇ ਬਿਆਨ ਤੇ 02 ਨਾ ਮਲੂੰਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 29 ਮਿਤੀ 15-06-23 ਅ/ਧ 379-ਬੀ ਆਈ.ਪੀ.ਸੀ ਥਾਣਾ ਸਿਟੀ ਬਲਾਚੌਰ ਦਰਜ ਰਜਿਸਟਰ ਕੀਤਾ ਗਿਆ। ਜੁਰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀਆਂ ਨੂੰ ਕਾਬੂ ਕਰਨ ਅਤੇ ਮੁਕੱਦਮਾ ਟਰੇਸ ਕਰਨ ਲਈ ਡਾ. ਮੁਕੇਸ਼ ਕੁਮਾਰ ਕਪਤਾਨ ਪੁਲਿਸ (ਜਾਂਚ), ਸ਼੍ਰੀ ਇਕਬਾਲ ਸਿੰਘ ਕਪਤਾਨ ਪੁਲਿਸ (ਪੀ.ਬੀ.ਆਈ), ਸ਼੍ਰੀ ਪ੍ਰੇਮ ਕੁਮਾਰ ਉਪ ਕਪਤਾਨ ਪੁਲਿਸ (ਡੀ) ਅਤੇ ਸ਼੍ਰੀ ਅਮਰ ਨਾਥ ਉਪ ਕਪਤਾਨ ਪੁਲਿਸ (N4PS) ਦੀ ਸੁਪਰਵੀਜਨ ਹੇਠ ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ, ਸੀ.ਆਈ.ਏ, ਪ੍ਰੋਬੇਸ਼ਨਰ ਡੀ.ਐਸ.ਪੀ ਜਤਿੰਦਰ ਚੌਹਾਨ, ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਅਤੇ ਐਸ.ਆਈ ਜਰਨੈਲ ਸਿੰਘ, ਮੁੱਖ ਅਫਸਰ ਥਾਣਾ ਬਲਾਚੌਰ ਦੀਆਂ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਦੌਰਾਨੇ ਤਫਤੀਸ਼ ਮਿਤੀ 15-06-2023 ਨੂੰ ਗੁਪਤ ਸੂਚਨਾ ਦੇ ਆਧਾਰ ਤੇ ਬਾ ਹੱਦ ਪਿੰਡ ਜੈਨਪੁਰ ਤੋਂ ਹੇਠ ਲਿਖੇ 05 ਨੌਜਵਾਨਾਂ ਨੂੰ ਸਮੇਤ ਖੋਹ ਕੀਤੀ ਗੱਡੀ ਦੇ ਕਾਬੂ ਕੀਤਾ ਗਿਆ ਹੈ ਜੋ 1. ਗੁਰਜਿੰਦਰ ਸਿੰਘ ਉਰਫ ਗਿੰਦਾ ਪੁੱਤਰ ਜੁਝਾਰ ਸਿੰਘ ਵਾਸੀ ਪਿੰਡ ਮਹਿੰਦਪੁਰ ਥਾਣਾ ਬਲਾਚੌਰ, 2. ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਭਾਰਾਪੁਰ ਥਾਣਾ ਬਲਾਚੌਰ, 3. ਪ੍ਰਦੀਪ ਕੁਮਾਰ ਉਰਫ ਅੰਬੀ ਪੁੱਤਰ ਬਲਬੀਰ ਸਿੰਘ ਵਾਸੀ ਬਕਾਪੁਰ ਥਾਣਾ ਬਲਾਚੌਰ, 4. ਗੁਰਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਮਹਿੰਦਪੁਰ ਥਾਣਾ ਬਲਾਚੌਰ,5. ਬਲਤੇਜ ਸਿੰਘ ਉਰਫ ਤੇਜਾ ਪੁੱਤਰ ਚੈਂਚਲ ਸਿੰਘ ਵਾਸੀ ਜਨੇਤਪੁਰ ਥਾਣਾ ਜਗਰਾਓਂ ਹਨ। ਦੋਸ਼ੀਆਂ ਦੀ ਹੁਣ ਤੱਕ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਵਾਰਦਾਤ ਦਾ ਮੁੱਖ ਸਾਜਿਸ਼ ਕਰਤਾ ਗੁਰਜਿੰਦਰ ਸਿੰਘ ਉਰਫ ਗਿੰਦਾ ਹੈ, ਜੋ ਕੁਝ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ, ਜਿਸ ਖਿਲਾਫ ਵੱਖ-ਵੱਖ ਥਾਣਿਆ ਵਿੱਚ ਕੁੱਲ 17 ਮੁਕੱਦਮੇ ਦਰਜ ਰਜਿਸਟਰ ਹਨ। ਗੁਰਜਿੰਦਰ ਸਿੰਘ ਉਰਫ ਗਿੰਦਾ ਬੀ-ਕੈਟਾਗਰੀ ਦਾ ਗੈਂਗਸਟਰ ਹੈ ਅਤੇ ਮ੍ਰਿਤਕ ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ ਦਾ ਸਕਾ ਭਰਾ ਹੈ। ਉਪਰੋਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾ ਦਾ ਰੀਮਾਂਡ ਹਾਸਲ ਕਰਕੇ ਉਨ੍ਹਾਂ ਪਾਸੋਂ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ।